ਪਾਲੋ ਝਾੜੀਆਂ ਵਾਲੇ ਛੱਪੜ ਦੇ ਉੱਪਰ ਦੀ ਹੋ ਕੇ ਕਲੇਸ਼ੀਆਂ ਦੇ ਘਰ ਕੋਲ ਦੀ ਡੇਰੇ ਦੀ ਕੰਧ ਦੇ ਨਾਲ-ਨਾਲ ਦੀ ਆਪਣੇ ਘਰ ਵੱਲ ਨੂੰ ਜਾ ਰਹੀ ਸੀ। ਸਾਦਾ ਸੂਟ ਤੇ ਸਿਰ ’ਤੇ ਚੰੁਨੀ ਲਈ ਹੋਈ ਸੀ। ਨੀਵੀਂ ਪਾ ਉਹ ਚੱਕਵੇਂ ਪੈਰੀਂ ਵਾਹੋ-ਦਾਹੀ ਤੁਰੀ ਜਾ ਰਹੀ ਸੀ। ਸ਼ਾਇਦ ਉਸਨੂੰ ਘਰੇ ਪਹੁੰਚਣ ਦੀ ਕਾਹਲੀ ਸੀ। ਭਾਵੇਂ ਚਿਹਰੇ ’ਤੇ ਉਸਦੇ ਖ਼ੁਸ਼ੀ ਦੇ ਨਿਸ਼ਾਨ ਨਹੀਂ ਸਨ, ਚਿਹਰਾ ਗੰਭੀਰ ਸੀ ਪਰ ਰੂਪ ਉਸ ’ਤੇ ਲੋਹੜੇ ਦਾ ਚੜ੍ਹਿਆ ਹੋਇਆ ਸੀ।
ਹਾੜ੍ਹ ਦਾ ਮਹੀਨਾ ਹੋਣ ਕਾਰਨ ਗਰਮੀ ਬਹੁਤ ਜ਼ਿਆਦਾ ਸੀ। ਉਹ ਚੁੰਨੀ ਨਾਲ ਚਿਹਰੇ ’ਤੋਂ ਵਾਰ-ਵਾਰ ਮੁੜ੍ਹਕਾ ਪੂੰਝਦੀ ਜਾ ਰਹੀ ਸੀ, ਜਿਸ ਨਾਲ ਉਸਦਾ ਚਿਹਰਾ ਹੋਰ ਵੀ ਲਾਲ ਸੁਰਖ਼ ਹੋ ਗਿਆ ਸੀ। ਮਰਾਸੀਆਂ ਦੇ ਘਰਾਂ ਕੋਲ ਬਾਣੀਏ ਦੀ ਹੱਟ ਨਾਲ ਥੜ੍ਹਾ ਬਣਿਆ ਹੋਇਆ ਸੀ, ਜਿਸ ’ਤੇ ਕਈ ਮੁੰਡੇ ਬੈਠੇ ਤਾਸ਼ ਖੇਡ ਰਹੇ ਸਨ। ਉਨ੍ਹਾਂ ਦਾ ਇੱਕੋ ਹੀ ਕੰਮ ਸੀ। ਹਰ ਆਉਦੀ-ਜਾਂਦੀ ਬੁੜ੍ਹੀ ਹੋਵੇ ਜਾਂ ਕੁੜੀ, ਉਸ ’ਤੇ ਨਿਗ੍ਹਾ ਰੱਖਣੀ ਸੀ। ਜਦੋਂ ਵੀ ਕੋਈ ਜਨਾਨੀ ਲੰਘਦੀ, ਇੱਕ ਦੂਸਰੇ ਨੂੰ ਪੁੱਛਦੇ, ਇਹ ਕੀਹਦੀ ਨੂੰਹ ਐ, ਇਹ ਕੀਹਦੀ ਕੁੜੀ ਐ? ਆਹ ਤਾਂ ਯਾਰ ਫਲਾਣੇ ਦੀ ਜਨਾਨੀ ਲਗਦੀ ਐ। ਕੋਈ ਪੁੱਛਣ ਵਾਲਾ ਹੋਵੇ ਬਈ ਤੁਸੀਂ ਪੁੱਛ ਕੇ ਵੜੇਵੇਂ ਲੈਣੇ ਆਂ। ਖ਼ੈਰ....।
ਉਨ੍ਹਾਂ ਨੂੰ ਦੇਖ ਕੇ ਪਾਲੋ ਸਹਿਮ ਜਿਹੀ ਗਈ। ਮੁੰਡਿਆਂ ਨੂੰ ਦੇਖ ਕੇ ਉਸਨੇ ਹੋਰ ਨੀਵੀਂ ਪਾ ਲਈ ਤੇ ਆਪਣੇ ਕਦਮਾਂ ਨੂੰ ਤੇਜ਼ ਕਰ ਲਿਆ ਸੀ। ਜਦੋਂ ਉਹ ਬਿਲਕੁਲ ਥੜ੍ਹੇ ਦੇ ਕੋਲ ਦੀ ਲੰਘੀ ਤਾਂ ਕਰਨੈਲ ਕੇ ਬਿੰਦੀ ਨੇ ਸ਼ਰਾਰਤ ਕਰਦਿਆਂ ਕਿਹਾ, ‘‘ਸਾਡੇ ਵੱਲੋਂ ਤਾਂ ਕੋਈ ਜਵਾਬ ਨਹੀਂ, ਸਰਕਾਰ ਦੀ ਹਾਂ ਚਾਹੀਦੀ ਐ।’’
ਚਿੱਤ ’ਚ ਤਾਂ ਪਾਲੋ ਦੇ ਬਹੁਤ ਕੁਝ ਆਇਆ ਸੀ। ਇਹੀ ਸ਼ਬਦ ਜੇਕਰ ਕੋਈ ਤੇਰੀ ਮਾਂ ਜਾਂ ਭੈਣ ਨੂੰ ਕਿਸੇ ਨੇ ਕਹੇ ਹੁੰਦੇ, ਕੁੱਤਿਆ ਤੂੰ ਉਨ੍ਹਾਂ ਦੇ ਟੁਕੜੇ ਕਰ ਦੇਣੇ ਸੀ। ਦੂਸਰਿਆਂ ਦੀਆਂ ਧੀਆਂ-ਭੈਣਾਂ ਨੂੰ ਛੇੜਨਾ ਹੀ ਸੌਖਾ ਐ ਪਰ ਕੁੱਝ ਬੋਲਣ ਦੀ ਥਾਂ ਉਹ ਕਚੀਚੀ ਵੱਟ ਕੇ ਹੀ ਚੁੱਪ ਕਰ ਗਈ ਸੀ। ਆਪਣੇ ਕਦਮਾਂ ਨੂੰ ਤੇਜ਼ ਕਰਕੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਈ ਸੀ। ਉਸਦੇ ਭਰੇ ਮਨ ਵਿੱਚ ਬੜੇ ਬਵਾਲ ਉੱਠ ਰਹੇ ਸਨ। ਘਰੇ ਪਹੁੰਚਦਿਆਂ ਸਾਰ ਹੀ ਉਹ ਬੈੱਡ ’ਤੇ ਮੂਧੀ ਜਾ ਪਈ ਸੀ। ਉਸਨੇ ਰੋ-ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਧਾਹਾਂ ਮਾਰ-ਮਾਰ ਕੇ ਉਹ ਬੇਸੁਧ ਜਿਹੀ ਹੋ ਗਈ ਸੀ। ਦਿਲ ਤਾਂ ਉਸਦਾ ਕਰਦਾ ਸੀ ਕੁਝ ਖਾ ਕੇ ਮਰ ਜਾਵੇ। ਨਹਿਰ ’ਚ ਛਾਲ ਮਾਰ ਕੇ ਆਪਣਾ ਆਪ ਖ਼ਤਮ ਕਰ ਲਵੇ ਜਾਂ ਗਲਤ ਬੋਲਣ ਵਾਲੇ ਕੰਜਰਾਂ ਦਾ ਸਿਰ ਪੱਥਰ ਮਾਰ ਕੇ ਪਾੜ ਦੇਵੇ। ਉਹ ਹਰ ਵਾਰ ਇਹ ਸੋਚਦਿਆਂ ਹੀ ਚੁੱਪ ਵੱਟ ਲੈਂਦੀ ਸੀ। ਬੋਲਣ ਵਾਲਿਆਂ ਦਾ ਮੂੰਹ ਵੀ ਤਾਂ ਨਹੀਂ ਫੜਿਆ ਜਾ ਸਕਦਾ। ਵਿਧਵਾ ਔਰਤ ਪ੍ਰਤੀ ਲੋਕਾਂ ਦਾ ਕੀ ਨਜ਼ਰੀਆ ਹੁੰਦਾ ਹੈ, ਉਹ ਚੰਗੀ ਤਰ੍ਹਾਂ ਜਾਣਦੀ ਸੀ।
ਪਾਲੋ ਦੇ ਸੱਸ-ਸਹੁਰਾ ਕਾਫ਼ੀ ਬਜ਼ੁਰਗ ਸਨ। ਉਸਦਾ ਘਰਵਾਲਾ ਬਲਰਾਜ ਮੋਟਰਸਾਈਕਲ ਦੀ ਕਾਰ ਨਾਲ ਜਬਰਦਸਤ ਟੱਕਰ ਹੋਣ ਕਾਰਨ ਮੌਕੇ ’ਤੇ ਹੀ ਦਮ ਤੋੜ ਗਿਆ ਸੀ, ਜਿਸ ’ਤੋਂ ਬਾਅਦ ਉਸਦਾ ਦੁਨੀਆਂ ਤੋਂ ਮੋਹ ਹੀ ਭੰਗ ਹੋ ਗਿਆ ਸੀ। ਦੁਨੀਆਂ ਦੀਆਂ ਤੁਹਮਤਾਂ ਦੇ ਡਰੋਂ ਉਹ ਘਰ ਅੰਦਰ ਹੀ ਕੁੰਡਾ ਲਾ ਕੇ ਬੈਠੀ ਰਹਿੰਦੀ ਸੀ। ਬੱਚੇ ਸਕੂਲ ਚਲੇ ਜਾਂਦੇ ਸਨ। ਬੰਦੇ ਬਿਨਾਂ ਘਰ ਵੱਢ-ਵੱਢ ਖਾਣ ਨੂੰ ਆਉਦਾ ਸੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਹੀ ਉਸ ’ਤੇ ਆ ਪਈਆਂ ਸਨ। ਸੱਸ-ਸਹੁਰਾ ਜ਼ਿਆਦਾ ਬਜ਼ੁਰਗ ਹੋਣ ਕਾਰਨ ਘਰ ਹੀ ਬੈਠੇ ਰਹਿੰਦੇ ਸਨ। ਖ਼ੁਸ਼ੀਆਂ ਉਸਦੀ ਜ਼ਿੰਦਗੀ ’ਚੋਂ ਖੰਭ ਲਾ ਕੇ ਉੱਡ ਗਈਆਂ ਸਨ। ਉਹ ਰੋਹੀ ਦੀ ਖੜਸੁੱਕ ਟਾਹਲੀ ਵਾਂਗ ਹੋ ਗਈ ਸੀ। ਪਾਲੋ ਸਾਰਾ ਦਿਨ ਚੁੱਪ ਕਰਕੇ ਕੰਮ ਕਰਦੀ ਰਹਿੰਦੀ। ਘਰੋਂ ਕਿਸੇ ਕੰਮ ਲਈ ਬਾਹਰ ਨਿਕਲਦੀ ਸੀ ਤਾਂ ਉਸਨੂੰ ਡਰ ਸਤਾਉਣ ਲੱਗ ਜਾਂਦਾ ਸੀ। ਇਕੱਲੀ ਔਰਤ ਕਿਸ-ਕਿਸ ਨਾਲ ਲੜਦੀ ਫਿਰੇਗੀ। ਕਈ ਵਾਰ ਤਾਂ ਉਸਨੂੰ ਘਰ ਅਸਲੀ ਜੇਲ੍ਹ ਵਰਗਾ ਹੀ ਤਾਂ ਲਗਦਾ ਸੀ, ਜਿੱਥੇ ਉਹ ਜ਼ਿੰਦਗੀ ਦੀ ਸਜ਼ਾ ਕੱਟ ਰਹੀ ਸੀ। ਸੰਤਾਪ ਹੰਢਾ ਰਹੀ ਸੀ। ਨਰਕ ਭੋਗ ਰਹੀ ਸੀ। ਬੰਦਾ ਸਿਰ ’ਤੇ ਨਾ ਹੋਵੇ, ਇਸਦਾ ਦਰਦ ਉਹ ਹੀ ਜਾਣ ਸਕਦੀ ਹੈ, ਜਿਸਨੇ ਇਹ ਦਰਦ ਆਪਣੇ ਪਿੰਡੇ ’ਤੇ ਹੰਢਾਇਆ ਹੋਵੇ। ਜਦੋਂ ਵਿਹਲੀ ਹੁੰਦੀ ਤਾਂ ਆਪਣੇ ਪਤੀ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ ਅੰਦਰਲੇ ਕਮਰੇ ਵਿੱਚ ਬਹਿ ਕੇ ਭੁੱਬਾਂ ਮਾਰ-ਮਾਰ ਰੋਂਦੀ ਰਹਿੰਦੀ ਸੀ। ਉਸਨੂੰ ਤਾਂ ਕੋਈ ਚੁੱਪ ਕਰਵਾਉਣ ਵਾਲਾ ਵੀ ਨਹੀਂ ਸੀ।
ਦਰਵਾਜ਼ੇ ’ਤੇ ਕਿਸੇ ਨੇ ਦਸਤਕ ਦਿੱਤੀ। ਪਾਲੋ ਨੇ ਦਰਵਾਜ਼ਾ ਖੋਲ੍ਹਿਆ। ਅੱਗੇ ਉਸਦਾ ਕਲਾਸਮੇਟ ਰਾਜਵੀਰ ਸਿੰਘ ਖੜ੍ਹਾ ਸੀ। ਇਹ ਚੰਨਣਵਾਲ ਵਾਲਾ ਰਾਜਵੀਰ ਸੀ, ਜਿਸਦੀ ਬਦਲੀ ਪਾ�ਿਦਰ ਦੇ ਪਿੰਡ ਦੀ ਹੋ ਗਈ ਸੀ। ਰਾਜਵੀਰ ਅਕਸਰ ਹੀ ਕਲਾਸ ਵਿੱਚ ਉਸਨੂੰ ਪਾ�ਿਦਰ ਕਹਿ ਕੇ ਬੁਲਾਇਆ ਕਰਦਾ ਸੀ, ਜਿਹੜਾ ਸਹੁਰੇ ਪਿੰਡ ਆ ਕੇ ਪਾ�ਿਦਰ ਤੋਂ ਪਾਲੀ ਰਹਿ ਗਿਆ ਸੀ। ਪਾ�ਿਦਰ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਉਸਨੂੰ ਅੰਦਰ ਆਉਣ ਲਈ ਕਿਹਾ ਤੇ ਚਾਹ ਧਰ ਲਈ ਸੀ। ਗੱਲ ਕਰਦਿਆਂ ਰਾਜਵੀਰ ਨੇ ਦੱਸਿਆ ਸੀ ਕਿ ਉਹ ਸਰਕਾਰੀ ਅਧਿਆਪਕ ਲੱਗ ਗਿਆ ਸੀ। ਹੁਣ ਉਸਦੀ ਬਦਲੀ ਇੱਥੋਂ ਦੀ ਹੋ ਗਈ ਹੈ।
‘‘ਚਲੋ ਚੰਗੀ ਗੱਲ ਐ। ਹੁਣ ਤਾਂ ਆਉਦੇ-ਜਾਂਦੇ ਰਹੋਗੇ।’’ ਦੋਵੇਂ ਕਾਲਜ ਦੀਆਂ ਪੁਰਾਣੀਆਂ ਗੱਲਾਂ ਵਿੱਚ ਐਨਾ ਖੁਭ ਗਏ, ਕਦੋਂ ਸ਼ਾਮ ਹੋ ਗਈ, ਉਨ੍ਹਾਂ ਨੂੰ ਪਤਾ ਹੀ ਨਾ ਲੱਗਿਆ। ਦਰਅਸਲ ਇਕ ਟਾਈਮ ਸੀ, ਜਦੋਂ ਦੋਵੇਂ ਇੱਕ-ਦੂਸਰੇ ਬਿਨਾਂ ਇੱਕ ਮਿੰਟ ਵੀ ਨਹੀਂ ਸਾਰਦੇ ਹੁੰਦੇ ਸਨ। ਸਮੇਂ ਨੇ ਐਨੀ ਕਰਵਟ ਬਦਲੀ ਸੀ, ਦੋਵਾਂ ਦੇ ਰਾਹ ਵੱਖ ਹੋ ਗਏ ਸਨ। ਅੱਜ ਤੇਰਾਂ-ਚੌਦਾਂ ਸਾਲ ਬਾਅਦ ਰਾਜਵੀਰ ਦਾ ਉਸਦੇ ਘਰ ਆਉਣ ਦਾ ਸਬੱਬ ਪਤਾ ਨਹੀਂ ਕਿਵੇਂ ਬਣ ਗਿਆ ਸੀ। ਸਮਾਂ ਆਪਣੀ ਬੁੱਕਲ਼ ਵਿੱਚ ਕੀ ਲੁਕੋਈ ਬੈਠਾ ਹੈ, ਕਿਸੇ ਨੂੰ ਪਤਾ ਨਹੀਂ ਹੁੰਦਾ। ਪਾ�ਿਦਰ ਨੇ ਜਦੋਂ ਆਪਣੇ ਘਰਵਾਲੇ ਦੀ ਮੌਤ ਦੀ ਸਾਰੀ ਘਟਨਾ ਦੱਸੀ ਤਾਂ ਸੁਣ ਕੇ ਰਾਜਵੀਰ ਦਾ ਵੀ ਮਨ ਭਰ ਆਇਆ। ਉਸਨੇ ਪਾ�ਿਦਰ ਨਾਲ ਦਿਲੋਂ ਹਮਦਰਦੀ ਜਤਾਈ। ਉਸਨੂੰ ਹੌਸਲਾ ਦੇ ਕੇ ਪ੍ਰਮਾਤਮਾ ’ਤੇ ਭਰੋਸਾ ਰੱਖਣ ਲਈ ਕਿਹਾ। ਪਾ�ਿਦਰ ਨੂੰ ਰਾਜਵੀਰ ਦੀਆਂ ਗੱਲਾਂ ਕੁੱਝ ਹੌਸਲਾ ਦੇ ਗਈਆਂ ਸਨ।
ਜਦੋਂ ਉਸਨੇ ਰਾਜਵੀਰ ਤੋਂ ਉਸਦੇ ਪਰਿਵਾਰ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਰਾਜਵੀਰ ਚੁੱਪ ਹੀ ਕਰ ਗਿਆ ਪਰ ਫਿਰ ਉਸਨੇ ਭਰੇ ਮਨ ਨਾਲ ਦੱਸਿਆ, ‘‘ਮਾਂ ਕਈ ਸਾਲ ਪਹਿਲਾਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਬਜ਼ੁਰਗ ਬਾਪ ਹੈ, ਉਸਦੀ ਸੇਵਾ ਕਰ ਲਈਦੀ ਹੈ।’’
‘‘ਤੇ ਵਿਆਹ, ਘਰਵਾਲੀ....ਤੇ ਬੱਚੇ....ਉਹ ਕਿਵੇਂ ਨੇ?’’
‘‘ਪਾ�ਿਦਰ, ਵਿਆਹ ਮੈਂ ਕਰਵਾਇਆ ਨਹੀਂ, ਬੱਸ ਇਵੇਂ ਈ ਜ਼ਿੰਦਗੀ ਵਧੀਆ ਲੰਘੀ ਜਾਂਦੀ ਐ।’’
ਇਹ ਗੱਲ ਸੁਣ ਕੇ ਪਾ�ਿਦਰ ਦਾ ਦਿਲ ਜ਼ਾਰ-ਜ਼ਾਰ ਰੋਇਆ ਸੀ। ਉਹ ਸਮਝ ਗਈ ਸੀ। ਰਾਜਵੀਰ ਉਸਦੇ ਪਿਆਰ ਵਿੱਚ ਸ਼ੁਦਾਈ ਹੋਇਆ ਰਹਿੰਦਾ ਸੀ, ਜਿਸ ਕਰਕੇ ਉਸਨੇ ਵਿਆਹ ਨਹੀਂ ਕਰਵਾਇਆ ਸੀ। ਰਾਜਵੀਰ ਸਰਕਾਰੀ ਅਧਿਆਪਕ ਸੀ, ਜਿਹੋ ਜਿਹੀ ਮਰਜ਼ੀ ਕੁੜੀ ਨਾਲ ਵਿਆਹ ਕਰਵਾ ਲੈਂਦਾ। ਉਸਨੇ ਇਕੱਲਿਆਂ ਜਿਉਣ ਦਾ ਫੈਸਲਾ ਕਰ ਲਿਆ ਸੀ ਪਰ ਪਾ�ਿਦਰ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੇ ਦਿਲ ਤੇ ਜ਼ਿੰਦਗੀ ਵਿੱਚ ਥਾਂ ਨਹੀਂ ਦਿੱਤੀ ਸੀ। ਖ਼ੈਰ....।
ਇਹ ਮੁਲਾਕਾਤ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਨਹੀਂ ਸੀ ਕਿਉਕਿ ਰਾਜਵੀਰ ਦੀ ਡਿੳੂਟੀ ਚੰਨਣਵਾਲ ਹੋਣ ਕਰਕੇ ਦੋਵਾਂ ਦਾ ਮਿਲਾਪ ਹੋਣਾ ਆਮ ਗੱਲ ਹੋ ਗਈ ਸੀ। ਜਦੋਂ ਵੀ ਰਾਜਵੀਰ ਦਾ ਦਿਲ ਕਰਦਾ, ਉਹ ਘਰ ਆ ਕੇ ਮਿਲ ਜਾਂਦਾ ਸੀ। ਨਾਲੇ ਉਹ ਨਾਂਹ-ਨੁੱਕਰ ਜਿਹੀ ਕਰਦੇ ਨੂੰ ਰੋਟੀ ਬਣਾ ਕੇ ਫੜਾ ਦਿੰਦੀ ਸੀ। ਸੱਚ ਤਾਂ ਇਹ ਹੈ ਕਿ ਰਾਜਵੀਰ ਉਸਦੇ ਜੋੜਾਂ ਵਿੱਚ ਪਾਰਾ ਬਣ ਕੇ ਬੈਠ ਗਿਆ ਸੀ ਪਰ ਉਹ ਜੱਗ ਚੰਦਰੇ ਦੀ ਬਦਨਾਮੀ ਤੋਂ ਡਰਦੀ ਸੀ ਕਿ ਲੋਕ ਕਹਿਣਗੇ ਘਰਵਾਲਾ ਸਿਰ ’ਤੇ ਨਹੀਂ ਰਿਹਾ, ਹੁਣ ਗੁਲਸ਼ਰਲੇ ਉਡਾਉਦੀ ਫਿਰਦੀ ਐ। ਇਹ ਤਾਂ ਇਹੋ ਕੁੱਝ ਭਾਲਦੀ ਸੀ। ਹੋ ਸਕਦਾ ਮਰਵਾ ਈ ਦਿੱਤਾ ਹੋਵੇ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨਗੇ। ਕਿਹੜਾ ਕਿਸੇ ਦਾ ਮੂੰਹ ਫੜ ਲੈਣਾ ਐ। ਇਨ੍ਹਾਂ ਵਹਿਣਾਂ ਵਿੱਚ ਪਈ ਉਹ ਪਤਾ ਨਹੀਂ ਕੀ ਕੁੱਝ ਸੋਚਦੀ ਰਹਿੰਦੀ ਸੀ।
ਪਰ ਅਸਲ ਸੱਚ ਇਹ ਸੀ, ਅੱਜ ਤੱਕ ਉਸਨੇ ਆਪਣੇ ਪਤੀ ਬਲਰਾਜ ਨੂੰ ਇੱਕ ਪਲ ਲਈ ਵੀ ਮਨੋ ਵਿਸਾਰਿਆ ਨਹੀਂ ਸੀ। ਉਹ ਚੰਗੀ ਤਰ੍ਹਾਂ ਜਾਣਦੀ ਸੀ। ਲੋਕ ਐਵੇਂ ਖੰਭਾਂ ਦੀਆਂ ਡਾਰਾਂ ਬਣਾਉਣੋਂ ਨਹੀਂ ਹਟਦੇ। ਜਨਾਨੀ ਨੇ ਚਾਹੇ ਜਿੰਨੀ ਮਰਜ਼ੀ ਪਵਿੱਤਰਤਾ ਕਾਇਮ ਰੱਖੀ ਹੋਵੇ, ਜਿਸ ਔਰਤ ਦਾ ਖ਼ਸਮ ਚੜ੍ਹਦੀ ਉਮਰੇ ਛੱਡ ਕੇ ਦੁਨੀਆਂ ਤੋਂ ਤੁਰ ਜਾਵੇ, ਲੋਕ ਉਸਦਾ ਜਿਉਣਾ ਹਰਾਮ ਕਰ ਦਿੰਦੇ ਹਨ। ਹਰ ਕੋਈ ਮਾੜੀ ਨਜ਼ਰ ਨਾਲ ਦੇਖਦਾ ਹੈ। ਜਿਹੜਾ ਬੰਦਾ ਆਪ ਮਾੜਾ ਹੋਵੇ, ਉਸਦੇ ਦਿਮਾਗ ਵਿੱਚ ਇੱਕੋ ਹੀ ਗੱਲ ਹੁੰਦੀ ਹੈ, ਇਸਦੇ ਕਿਹੜਾ ਕੋਈ ਸਿਰ ’ਤੇ ਹੈ। ਲੋਕ ਉਸਦੇ ਘਰ ਦੀਆਂ ਕੰਧਾਂ ਟੱਪਣ ਤੱਕ ਜਾਂਦੇ ਹਨ। ਪੰਜਾਬੀ ਦੇ ਇੱਕ ਚੋਟੀ ਦੇ ਗਾਇਕ ਨੇ ਠੀਕ ਹੀ ਗਾਇਆ ਹੈ,
‘ਰੰਡੀ ਤਾਂ ਰੰਡ ਕੱਟ ਲਵੇ,
ਕੱਟਣ ਨੀ ਦਿੰਦੇ ਲੋਕ ਕੁੜੇ’
ਇੱਕ ਗੱਲ ਦਾ ਡਰ ਉਸਨੂੰ ਦਿਨ-ਰਾਤ ਸਤਾਉਦਾ ਰਹਿੰਦਾ ਸੀ, ਲੋਕ ਉਸਦੀ ਰਾਜਵੀਰ ਨਾਲ ਦੋਸਤੀ ਨੂੰ ਲੈ ਕੇ ਕਿਤੇ ਮੌਕਾ ਮਿਲ ਗਿਆ ਤਾਂ ਖੰਭਾਂ ਦੀਆਂ ਡਾਰਾਂ ਹੀ ਬਣਾ ਦੇਣਗੇ।
ਅੱਜ ਰਾਜਵੀਰ ਸਿੰਘ ਉਸਦੇ ਘਰ ਆਇਆ ਸੀ। ਉਸਨੇ ਪਾ�ਿਦਰ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਸੀ, ‘‘ਇਕੱਲੀ ਸਾਰਾ ਦਿਨ ਘਰ ਬੈਠੀ ਰਹਿੰਦੀ ਐਂ। ਇਕੱਲਾ ਤਾਂ ਕਮਲੀਏ ਰੋਹੀ ਵਿੱਚ ਖੜ੍ਹਾ ਰੁੱਖ ਵੀ ਸੁੱਕ ਜਾਂਦੈ। ਤੇਰੇ ਪਿੰਡ ਵਾਲੇ ਪ੍ਰਾਈਵੇਟ ਸਕੂਲ ਵਿੱਚ ਇੱਕ ਅਧਿਆਪਕ ਦੀ ਅਸਾਮੀ ਖਾਲੀ ਐ। ਤੇਰੀ ਕੁਆਲੀਫਿਕੇਸ਼ਨ ਵੀ ਚੰਗੀ ਐ। ਜੇ ਤੂੰ ਚਾਹੇਂ ਤਾਂ ਮੈਂ ਤੈਨੂੰ ਉੱਥੇ ਅਧਿਆਪਕ ਰਖਵਾ ਦਿੰਨਾਂ। ਤਨਖਾਹ ਵੀ ਚੰਗੀ ਦੇਣਗੇ।’’
ਰਾਜਵੀਰ ਨੇ ਆਪਣੇ ਤਰਕ ਨਾਲ ਪਾ�ਿਦਰ ਦੀ ਨਾਂਹ ਨੂੰ ਹਾਂ ਵਿੱਚ ਬਦਲ ਲਿਆ ਸੀ। ਉਹ ਉਸਦੇ ਮਨ ਵਿੱਚੋਂ ਘਟੀਆ ਤੇ ਰੂੜੀਵਾਦੀ ਵਿਚਾਰਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ। ਉਹ ਇੱਕ ਪੜ੍ਹੀ-ਲਿਖੀ ਤੇ ਅਗਾਂਹਵਧੂ ਔਰਤ ਸੀ, ਜਿਸਨੂੰ ਅੱਜ ਦੇ ਜ਼ਮਾਨੇ ਦੇ ਨਾਲ ਚੱਲਣਾ ਚਾਹੀਦਾ ਸੀ। ਉਹ ਚਾਹੁੰਦਾ ਸੀ, ਕੋਈ ਵੀ ਵਿਧਵਾ ਔਰਤ ਲੋਕਾਂ ਦੀਆਂ ਤੁਹਮਤਾਂ ਦੇ ਡਰੋਂ ਨਰਕ ਭੋਗਣ ਲਈ ਮਜ਼ਬੂਰ ਨਾ ਹੋਵੇ ਕਿਉਕਿ ਸਮਾਜ ਵਿੱਚ ਔਰਤ ਦੇ ਵੀ ਬਰਾਬਰ ਦੇ ਹੱਕ ਹਨ। ਉਸਨੂੰ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਅਸਲ ਵਿੱਚ ਇੱਕ ਸੱਚ ਇਹ ਵੀ ਸੀ ਕਿ ਰਾਜਵੀਰ ਗੳੂ ਗਾਰ ਵਿੱਚੋਂ ਕੱਢਣੀ ਚਾਹੁੰਦਾ ਸੀ। ਉਹ ਸੋਚਦਾ ਸੀ, ਇੱਕ ਵਾਰ ਪਾ�ਿਦਰ ਜਾਗਰੂਕ ਹੋ ਗਈ, ਆਪਣੀ ਜ਼ਿੰਦਗੀ ਖ਼ੁਦ ਜਿਉ ਲਵੇਗੀ। ਰਾਜਵੀਰ ਦਾ ਸੋਚਣਾ ਠੀਕ ਸੀ ਪਰ ਉਹ ਆਪਣੀਆਂ ਮਜ਼ਬੂਰੀਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ।
ਪਿਛਲੇ ਕਈ ਮਹੀਨਿਆਂ ਤੋਂ ਉਹ ਪਿੰਡ ਦੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਜਾਣ ਲੱਗ ਪਈ ਸੀ। ਸਕੂਲ ’ਚ ਬੱਚਿਆਂ ਨਾਲ ਉਸਦਾ ਮਨ ਲੱਗਿਆ ਰਹਿੰਦਾ ਸੀ। ਅਧਿਆਪਕਾਂ ਨਾਲ ਉਸਦੀ ਚੰਗੀ ਬੋਲਚਾਲ ਹੋ ਗਈ ਸੀ। ਉਸਦਾ ਸੁਭਾਅ ਵਧੀਆ ਹੋਣ ਕਾਰਨ ਸਾਰੇ ਅਧਿਆਪਕ ਉਸਦਾ ਸਤਿਕਾਰ ਕਰਦੇ ਸਨ। ਉਹ ਸਾਰੇ ਸਟਾਫ਼ ਨਾਲ ਘੁਲ-ਮਿਲ ਹੀ ਤਾਂ ਗਈ ਸੀ। ਜਦੋਂ ਅਧਿਆਪਕਾਂ ਨੂੰ ਪਤਾ ਲੱਗਾ, ਇਸਦੇ ਘਰਵਾਲੇ ਦੀ ਮੌਤ ਹੋ ਚੁੱਕੀ ਹੈ, ਸਾਰਿਆਂ ਨੇ ਉਸ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਸੀ। ਇੱਕ ਘਟੀਆ ਕਿਸਮ ਦਾ ਅਧਿਆਪਕ ਸੀ, ਦਲਜੀਤ, ਜਿਹੜਾ ਸਾਰੇ ਅਧਿਆਪਕਾਂ ਨਾਲ ਹੀ ਬੋਲ-ਵਿਗਾੜ ਕਰੀ ਬੈਠਾ ਸੀ। ਰੋਜ਼ ਉਸਦਾ ਕਿਸੇ ਅਧਿਆਪਕ ਨਾਲ, ਕਦੇ ਕਿਸੇ ਅਧਿਆਪਕ ਨਾਲ ਕਾਟੋ-ਕਲੇਸ਼ ਚਲਦਾ ਹੀ ਰਹਿੰਦਾ ਸੀ। ਉਹ ਪਾ�ਿਦਰ ’ਤੇ ਮੈਲ਼ੀ ਅੱਖ ਰੱਖਣ ਲੱਗ ਪਿਆ ਸੀ। ਉਹ ਵੀ ਇਸ ਗੱਲ ਨੂੰ ਤਾੜ ਗਈ ਸੀ ਪਰ ਆਪਣੀ ਬਦਨਾਮੀ ਦੇ ਡਰੋਂ ਚੁੱਪ ਕਰ ਗਈ ਸੀ।
ਸਮਾਂ ਆਪਣੀ ਚਾਲ ਚਲਦਾ ਰਿਹਾ। ਕਈ ਵਾਰ ਰਾਜਵੀਰ ਉਸਨੂੰ ਆ ਕੇ ਮਿਲ ਗਿਆ ਸੀ ਤਾਂ ਜੋ ਉਸਦਾ ਦਿਲ ਲੱਗਿਆ ਰਹੇ, ਜਿਸਤੋਂ ਬਾਅਦ ਦਲਜੀਤ ਉਸ ’ਤੇ ਹੋਰ ਵੀ ਮਾੜੀ ਨਜ਼ਰ ਰੱਖਣ ਲੱਗ ਪਿਆ ਸੀ। ਉਹ ਸਮਝਦਾ ਸੀ, ਜਿਸ ਜਨਾਨੀ ਦੇ ਸਿਰ ਤੋਂ ਉਸਦੇ ਬੰਦੇ ਦਾ ਸਾਇਆ ਉਠ ਗਿਆ ਹੋਵੇ, ਉਹ ਸਹੀ ਕਿਵੇਂ ਰਹਿ ਸਕਦੀ ਹੈ।
ਇੱਕ ਦਿਨ ਜਦ ਉਹ ਕਲਾਸ ਲਗਾ ਕੇ ਰੈਸਟ-ਰੂਮ ਵਿੱਚ ਆ ਕੇ ਬੈਠ ਗਈ ਤਾਂ ਉਦੋਂ ਆਸਾ-ਪਾਸਾ ਜਿਹਾ ਤਾੜ ਕੇ ਉਹ ਵੀ ਰੈਸਟ-ਰੂਮ ਵਿੱਚ ਉਸਦੇ ਨਜ਼ਦੀਕ ਆ ਕੇ ਬੈਠ ਗਿਆ। ਉਸਨੇ ਪਾ�ਿਦਰ ਨਾਲ ਛੇੜਛਾੜ ਸੁਰੂ ਕਰ ਦਿੱਤੀ। ਗੱਲ ਇੱਥੋਂ ਤੱਕ ਵਧ ਗਈ ਕਿ ਦਲਜੀਤ ਨੇ ਉਸਦਾ ਹੱਥ ਤੱਕ ਫੜ ਲਿਆ, ‘‘ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ। ਪਾ�ਿਦਰ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ।’’
ਗੁੱਸੇ ਵਿੱਚ ਪਾ�ਿਦਰ ਨੇ ਤਾਅੜ ਕਰਦਾ ਥੱਪੜ ਉਸਦੇ ਮੂੰਹ ’ਤੇ ਜੜ ਦਿੱਤਾ। ਐਨਾ ਰੌਲ਼ਾ ਪੈਂਦਾ ਵੇਖ ਸਾਰੇ ਅਧਿਆਪਕ ਮੌਕੇ ’ਤੇ ਪਹੁੰਚ ਗਏ। ਪਿ੍ਰੰਸੀਪਲ ਤੇ ਅਧਿਆਪਕਾਂ ਨੇ ਵਿੱਚ-ਵਿਚਾਲੇ ਪੈ ਕੇ ਬੜੀ ਮੁਸ਼ਕਿਲ ਨਾਲ ਮਾਮਲੇ ਨੂੰ ਸੁਲਝਾਇਆ। ਗੱਲ ਮਿੰਟਾਂ ਵਿੱਚ ਹੀ ਸਾਰੇ ਪਿੰਡ ਵਿੱਚ ਫੈਲ ਗਈ। ਲੋਕ ਇੱਕ ਦੂਸਰੇ ਤੋਂ ਕਨਸੋਆਂ ਲੈ ਰਹੇ ਸਨ। ਬੁੜ੍ਹੀਆਂ ਚੁੱਲ੍ਹਿਆਂ ਮੂਹਰੇ ਬੈਠੀਆਂ ਇੱਕ ਦੀਆਂ ਦੋ ਬਣਾ ਕੇ ਛੱਡ ਰਹੀਆਂ ਸਨ, ‘‘ਲੈ ਕੁੜੇ, ਇਹਦੇ ਤਾਂ ਪਹਿਲਾਂ ਹੀ ਮਾਸਟਰ ਨਾਲ ਸਬੰਧ ਸੀ। ਅੱਜ ਦੇ ਜ਼ਮਾਨੇ ਵਿੱਚ ਭਲਾਂ ਕੌਣ ਭਲਾਮਾਣਸ ਐ। ਇਹ ਤਾਂ ਪਹਿਲਾਂ ਹੀ ਆਫ਼ਰੀ ਫਿਰਦੀ ਸੀ। ਹੁਣ ਆਹ ਮੂੰਹ ਕਾਲਾ ਕਰਵਾ ਲਿਆ। ਸਕੂਲਾਂ ਵਿੱਚ ਜਾ ਕੇ ਪੜ੍ਹਾਉਣ ਦੀ ਇਹਨੂੰ ਕੀ ਲੋੜ ਸੀ?’’
ਕਈ ਕਹਿਣ, ‘‘ਸਾਨੂੰ ਤਾਂ ਪਹਿਲਾਂ ਈ ਪਤਾ ਸੀ ਬਈ ਇਹ ਆਪਣਾ ਮੂੰਹ ਕਾਲਾ ਕਰਵਾੳੂਗੀ।’’ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ‘ਦਾਤੀ ਨੂੰ ਇੱਕ ਪਾਸੇ ਦੰਦੇ, ਦੁਨੀਆਂ ਦੇ ਦੋਵੇਂ ਪਾਸੀਂ ਹੁੰਦੇ ਨੇ’।
ਉਸੇ ਦਿਨ ਤੋਂ ਪਾ�ਿਦਰ ਨੇ ਸਕੂਲ ਪੜ੍ਹਾਉਣ ਜਾਣਾ ਛੱਡ ਦਿੱਤਾ। ਮਾਸਟਰ ਨੇ ਬਿਨਾਂ ਕਿਸੇ ਗੱਲ ਤੋਂ ਉਸਦਾ ਨੱਕ ਵਢਾ ਦਿੱਤਾ ਸੀ। ਉਸਦਾ ਦਿਲ ਆਪਣੇ ਪਤੀ ਨੂੰ ਯਾਦ ਕਰਕੇ ਵੈਣ ਪਾ-ਪਾ ਕੇ ਰੋ ਰਿਹਾ ਸੀ, ਜਿਹੜਾ ਉਸਦੀ ਜ਼ਿੰਦਗੀ ਦੀ ਕਿਸ਼ਤੀ ਨੂੰ ਅੱਧ-ਵਿਚਕਾਰੇ ਹੀ ਡੋਬਾ ਦੇ ਗਿਆ ਸੀ। ਉਹ ਸੋਚਦੀ ਐ ਕਿ ਜੇਕਰ ਬੰਦੇ ਦੇ ਘਰਵਾਲੀ ਮਰ ਜਾਵੇ, ਉਹ ਦੂਸਰਾ ਵਿਆਹ ਕਰਵਾ ਲੈਂਦੈ। ਜੇਕਰ ਕੋਈ ਔਰਤ ਵਿਧਵਾ ਹੋ ਜਾਵੇ, ਉਹ ਭਾਵੇਂ ਬਿਲਕੁਲ ਸਹੀ ਹੋਵੇ, ਇਹ ਚੰਦਰਾ ਸਮਾਜ ਉਸਨੂੰ ਤੁਹਮਤਾਂ ਲਾ-ਲਾ ਕੇ ਹੀ ਕਲੰਕਿਤ ਕਰ ਦਿੰਦੈ। ਅੱਜ ਪਾ�ਿਦਰ ਨੂੰ ਆਪਣੀ ਜ਼ਿੰਦਗੀ ਤੋਂ ਵੀ ਨਫ਼ਰਤ ਹੋ ਗਈ ਸੀ।
ਇਹ ਸਾਰੀ ਗੱਲ ਦਾ ਪਤਾ ਲਗਦਿਆਂ ਹੀ ਰਾਜਵੀਰ ਉਸਦੇ ਘਰ ਆਇਆ। ਗੱਲ ਭਾਵੇਂ ਵਧੀ ਨਹੀਂ ਸੀ ਪਰ ਬਹੁਤੇ ਲੋਕਾਂ ਦੀ ਉਗਲ ਰਾਜਵੀਰ ਵੱਲ ਵੀ ਉੱਠੀ ਸੀ, ’ਕੱਲੀ-’ਕਹਿਰੀ ਔਰਤ ਐ....ਇਹ ਮਾਸਟਰ ਚੌਥੇ ਦਿਨ ਲੈਣ ਕੀ ਆਉਦੈ? ਇੱਥੇ ਇਹਦਾ ਕੀ ਕੰਮ ਐ? ਪਰ ਇਹ ਗੱਲ ਹਾਲੇ ਰਾਜਵੀਰ ਦੇ ਕੰਨੀਂ ਨਹੀਂ ਪਈ ਸੀ। ਰਾਜਵੀਰ ਹਮਦਰਦੀ ਕਰਕੇ ਉਸਦਾ ਹੌਸਲਾ ਵਧਾਉਣਾ ਚਾਹੁੰਦਾ ਸੀ ਪਰ ਪਾ�ਿਦਰ, ਜਿਹੜੀ ਰਾਜਵੀਰ ਨੇ ਬਣਾਈ ਸੀ, ਉਹ ਅੱਜ ਫੇਰ ਤੋਂ ਪਾਲੋ ਬਣ ਕੇ ਰਹਿ ਗਈ ਸੀ। ਉਸਨੇ ਅੱਜ ਰਾਜਵੀਰ ਵੱਲ ਮੂੰਹ ਤੱਕ ਨਾ ਕੀਤਾ। ਚਾਹ-ਪਾਣੀ ਵੀ ਨਾ ਪੁੱਛਿਆ। ਉਹ ਸਮਝਦੀ ਸੀ, ਭਾਵੇਂ ਕੁੱਝ ਵੀ ਹੋਵੇ, ਇਹ ਸਾਰੀ ਗੱਲ ਦਾ ਕਸੂਰਵਾਰ ਰਾਜਵੀਰ ਹੀ ਸੀ। ਜੇਕਰ ਉਸਨੇ ਮੈਨੂੰ ਸਕੂਲ ਵਿੱਚ ਟੀਚਰ ਨਾ ਲਵਾਇਆ ਹੁੰਦਾ, ਫੇਰ ਇਹ ਘਟਨਾ ਵਾਪਰਨੀ ਹੀ ਨਹੀਂ ਸੀ। ਅੱਜ ਆਪਣੇ ਬੱਚਿਆਂ ਤੇ ਸੱਸ-ਸਹੁਰੇ ਅੱਗੇ ਖੜ੍ਹਨਾ ਵੀ ਉਸ ਲਈ ਮੁਸ਼ਕਿਲ ਹੋ ਗਿਆ ਸੀ। ਸੱਚ ’ਤੇ ਖੜ੍ਹਿਆਂ ਵੀ ਉਹ ਕਲੰਕਿਤ ਹੋ ਗਈ। ਭਾਵੇਂ ਉਹ ਇਹ ਗੱਲ ਵੀ ਚੰਗੀ ਤਰ੍ਹਾਂ ਜਾਣਦੀ ਸੀ, ਰਾਜਵੀਰ ਨੇ ਆਪਣੇ ਅਗਾਂਹਵਧੂ ਵਿਚਾਰਾਂ ਕਰਕੇ ਹੀ ਉਸਨੂੰ ਇਹ ਪ੍ਰੇਰਨਾ ਦਿੱਤੀ ਸੀ ਪਰ ਫਿਰ ਵੀ ਸਾਰੀ ਘਟਨਾ ਪਿੱਛੇ ਉਸਨੂੰ ਰਾਜਵੀਰ ਹੀ ਦੋਸ਼ੀ ਜਾਪਿਆ ਸੀ।
ਜਦੋਂ ਪਾਲੋ ਨੇ ਉਸਨੂੰ ਪਾਣੀ ਤੱਕ ਨਾ ਪੁੱਛਿਆ ਤਾਂ ਉਹ ਭਰੇ ਮਨ ਨਾਲ ਉੱਠ ਖੜ੍ਹਿਆ ਸੀ। ਕਹਿੰਦਾ, ‘‘ਚੰਗਾ ਪਾ�ਿਦਰ, ਮੈਂ ਆਪਣੇ ਮਕਸਦ ਵਿੱਚ ਅਸਫ਼ਲ ਹੋ ਗਿਆ ਹਾਂ। ਦੁਨੀਆਂ ਨੂੰ ਜਿੱਤਿਆ ਨਹੀਂ ਜਾ ਸਕਦਾ। ਸੱਚੀਂ ਤੇਰੀ ਬਦਨਾਮੀ ਦਾ ਕਾਰਨ ਮੈਂ ਹੀ ਹਾਂ। ਜੇ ਹੋ ਸਕਿਆ ਤਾਂ ਮੈਨੂੰ ਮਾਫ਼ ਕਰ ਦੇਈਂ। ਮੈਂ ਤੈਨੂੰ ਇਹ ਦੱਸਣ ਲਈ ਆਇਆ ਸੀ ਕਿ ਮੇਰੀ ਬਦਲੀ ਅੰਮਿ੍ਰਤਸਰ ਸਾਹਿਬ ਦੀ ਹੋ ਗਈ ਐ। ਫੇਰ ਸ਼ਾਇਦ ਕਦੇ ਆਪਣਾ ਮੇਲ ਨਾ ਹੋ ਸਕੇ। ਅੱਜ ਹੀ ਜਾ ਰਿਹਾ ਹਾਂ। ਸੋਚਿਆ, ਜਾਂਦੀ ਵਾਰ ਦਾ ਤੈਨੂੰ ਮਿਲ ਜਾਵਾਂ। ਚੰਗਾ ਪਾ�ਿਦਰ, ਮਨੁੱਖ ਗਲਤੀਆਂ ਦਾ ਪੁਤਲਾ ਐ। ਮੈਨੂੰ ਚਾਹੇ ਗਲਤ ਹੀ ਸਮਝੀਂ ਪਰ ਮਾਫ਼ ਜ਼ਰੂਰ ਕਰ ਦੇਈਂ।’’ ਏਨਾ ਕਹਿਣ ਸਾਰ ਹੀ ਰਾਜਵੀਰ ਚੱਕਵੇਂ ਪੈਰੀਂ ਉਸਦੇ ਘਰ ਦਾ ਵੱਡਾ ਗੇਟ ਲੰਘ ਗਿਆ ਤੇ ਉਸਦੀਆਂ ਅੱਖਾਂ ਤੋਂ ਓਝਲ ਹੋ ਗਿਆ। ਪਾਲੋ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਉਹ ਗੋਡਣੀਆਂ ਲਾ ਕੇ ਭੁੰਜੇ ਬੈਠ ਗਈ ਤੇ ਪੱਥਰ ਹੀ ਤਾਂ ਬਣ ਗਈ ਸੀ ਉਹ....।
ਪਾਲੋ ਦੀ ਜ਼ਿੰਦਗੀ ਦਾ ਆਖ਼ਰੀ ਕਿਲਾ ਵੀ ਢਹਿ-ਢੇਰੀ ਹੋ ਗਿਆ ਸੀ।
ਲੇਖਕ-ਜਸਵੀਰ ਸਿੰਘ ਸਿੱਧੂ