ਪੈਸੇ ਦੀ ਦੁਨੀਆ
ਚਾਰ ਚੁਫ਼ੇਰੇ ਮੱਚੀ ਅੰਨੀ ਲੁੱਟ ਹੈ ਪੈਸੇ ਦੀ
ਰਿਸ਼ਤੇ ਨਾਤੇ ਭੁੱਲਗੀ, ਦੁਨੀਆਂ ਪੁੱਤ ਹੈ ਪੈਸੇ ਦੀ
ਸੰਗ ਸ਼ਰਮ ਨਾ ਜੱਗ ਦੀ, ਨਾ ਇਹ ਰੱਬ ਤੋਂ ਡਰਦੀ ਐ
ਜਿੱਧਰ ਦੇਖੋ ਦੁਨੀਆ ਪੈਸਾ ਪੈਸਾ ਕਰਦੀ ਐ.. ..
ਭਾਈ-ਭਾਈ ਦਾ ਵੈਰੀ, ਸਾਂਭਣ ਪੁੱਤ ਨਾ ਮਾਪਿਆਂ ਨੂੰ
ਬਣ ਕੇ ਜਾਨ ਦੇ ਦੁਸ਼ਮਣ, ਚੁੱਕੀ ਫਿਰਨ ਗੰਡਾਸਿਆਂ ਨੂੰ
ਹਿੱਸਾ ਦੇ-ਦੇ ਵੰਡ ਕੇ ਜੇ ਤੈਥੋਂ ਚੰਗੀ ਸਰਦੀ ਐ
ਜਿੱਧਰ ਦੇਖੋ ਦੁਨੀਆਂ ਪੈਸਾ ਪੈਸਾ ਕਰਦੀ ਐ.. ..
ਲੁੱਚਾ ਲੰਡਾ ਚੌਧਰੀ ਪੁੱਠੀ ਰੀਤ ਏਹ ਜੱਗ ਦੀ ਐ
ਮਾੜੇ ਦੀ ਜਨਾਨੀ ਹੰੁਦੀ ਭਾਬੀ ਸਭ ਦੀ ਐ
ਸੱਚ ਨੂੰ ਚਾੜੇ ਫਾਂਸੀ ਪੱਖ ਝੂਠੇ ਦਾ ਕਰਦੀ ਐ
ਜਿੱਧਰ ਦੇਖੋ ਦੁਨੀਆ..
ਡਾਲਰ ਪੌਡਾਂ ਨੇ ਵੀ ਮੱਤ ਲੋਕਾਂ ਦੀ ਮਾਰ ਲਈ
ਇੱਕ ਭਰਾ ਨੇ ਭੈਣ ਹੀ ਆਪਣੀ ਡੋਲੀ ਚਾੜ ਲਈ
ਦਾਲ ਬਰੋਬਰ ਕਹਿੰਦਾ ਹੁੰਦੀ ਮੁਰਗੀ ਘਰਦੀ ਐ
ਜਿੱਧਰ ਦੇਖੋ ਦੁਨੀਆਂ ਪੈਸਾ ਪੈਸਾ ਕਰਦੀ ਐ.. ..
ਅਫ਼ਸਰ ਲੀਡਰ ਲੁੱਟ ਕੇ ਖਾ ਗਏ ਸਾਰੇ ਦੇਸ਼ ਤਾਈਂ
ਬਚੇ ਕਿਵੇਂ ਜਦ ਉਲਟੀ ਵਾੜ ਹੀ ਖਾਦੀਂ ਖੇਤ ਤਾਈਂ
‘ਪੱਖੋ’ ਇਹਨਾਂ ਲੋਕਾਂ ਦੀ ਜ਼ਮੀਰ ਹੀ ਮਰਗੀ ਐ
ਜਿੱਧਰ ਦੇਖੋ ਦੁਨੀਆਂ ਪੈਸਾ ਪੈਸਾ ਕਰਦੀ ਐ.. ..