ਬਾਬੇ ! ਵੱਡੇ ਬਾਬੇ !! ਰਾਤ ਨਾ ਵਾਹਲੀ ਭੈੜੀ ਨੇਰੀ ਆਈ ਸੀ.. ਮੇਰਾ ਨਾ ਪਜਾਮਾ ਮਰਾਸੀਆਂ ਵਾਲੇ ਜੰਡ ਤੇ ਟੰਗਿਆ ਗਿਆ..ਭੋਲੇ ਕੇ ਜੀਤੂ ਦਾ ਝੁੱਗਾ ਆਪਣੇ ਪਸ਼ੂਆਂ ਵਾਲੇ ਵਾੜੇ ’ਚ ਪਿਆ ਸੀ..ਚਾਚੇ ਦਾ ਪਰਨਾ ਥਿਆਇਆ ਹੀ ਨੀਂ..ਪਤਾ ਨੀਂ ਕਿੱਧਰ ਭੱਜ ਗਿਆ..ਮੇਰੀ ਖੇਡਣ ਵਾਲੀ ਬੱਸ ਵੀ ਨਾਲੀ ’ਚ ਡਿੱਗੀ ਪਈ ਸੀ। ਛੇ ਕੁ ਸਾਲਾਂ ਦੇ ਸੋਨੂੰ ਨੇ ਹੱਥ ਤੇ ਹੱਥ ਮਾਰ ਕੇ ਸਾਰਾ ਕੁਝ ਆਪਣੇ ਦਾਦੇ ਬਚਿੰਤ ਸਿੰਘ ਨੂੰ ਇੱਕੋ ਸਾਹੇ ਸੁਣਾ ਦਿੱਤਾ।
ਹਾਂ ਪੁੱਤ ਬਹੁਤ ਤੇਜ ਸੀ ਹਨੇਰੀ..ਮੈਂ ਤਾਂ ਆਵਦਾ ਮੰਜਾ ਪਹਿਲਾਂ ਹੀ ਅੰਦਰ ਕਰ ਲਿਆ ਸੀ।
ਬਾਬੇ.. ਤੈਨੂੰ ਨੇਰੀ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ? ਤੂੰ ਪਹਿਲਾਂ ਵੀ ਦੇਖੀ ਐਨੀ ਭੈੜੀ ਨੇਰੀ ? ਸੋਨੂੰ ਨੇ ਸਿਆਣਿਆਂ ਵਾਂਗ ਸਵਾਲ ਕਰਦਿਆਂ ਕਿਹਾ।
‘ ਹਾਂ ਪੁੱਤ ! .. ਪੂਰੀ ਨੱਬੇ ਸਾਲ ਦੀ ਉਮਰ ਹੋਗੀ .. ਬਹੁਤ ਕਾਲੀਆਂ ਬੋਲੀਆਂ ਹਨੇਰੀਆਂ ਦੇਖੀਆਂ ਨੇ.. .. ਪਜਾਮੇ ਨਿੱਕਰਾਂ ਤਾਂ ਕੀ, ਬਹੁਤ ਕੁਝ ਉਡਾ ਕੇ ਲੈ ਜਾਦੀਆਂ ਨੇ ਇਹ .. ਇਸ ਥਾਂ ਤੇ ਵੀ ਇੱਕ ਹਨੇਰੀ ਦੇ ਹੀ ਸੁੱਟੇ ਹੋਏੇ ਬੈਠੇ ਆਂ..ਸਨ ਸੰਤਾਲੀ ਵਾਲੀ ਹਨੇਰੀ ਦੇ..ਚੰਗੇ ਭਲੇ ਵਸਦੇ ਸੀ .. ਲਾਹੌਰ ਕੋਲੇ ਚੱਕੀਂ ਪਿੰਡ ’ਚ .. ਪੂਰੇ ਵੀਹ ਪਿੰਡਾਂ ’ਚ ਸਰਦਾਰੀ ਦੀ ਧਾਂਕ ਹੁੰਦੀ ਸੀ..ਉਸ ਹਨੇਰੀ ਨੇ ਤਾਂ ਸਾਡੇ ਕੋਲੋ ਤੇਰੇ ਪਿਉ ਦੀ ਇੱਕ ਭੂਆ ਤੇ ਇੱਕ ਚਾਚਾ ਜੋ ਤੇਰੀ ਕੁ ਉਮਰ ਦੇ ਸਨ .. ਸਦਾ ਲਈ ਖੋਹ ਲਏ.. ਜੋ ਅਜੇ ਤੱਕ ਨਹੀਂ ਮਿਲੇ ..ਸਾਡੀ ਵੀ ਜਾਨ ਹੀ ਬਚੀ ਸੀ ਮਸਾਂ ’।
‘ਬਾਬੇ..ਨੇਰੀਆਂ ਬੰਦਿਆਂ ਨੂੰ ਵੀ ਉਡਾ ਕੇ ਲੈ ਜਾਦੀਆਂ ਨੇ’? ਸੋਨੂੰ ਨੇ ਖੋਫ਼ਜ਼ਦਾ ਹੁੰਦਿਆਂ ਪੁੱਛਿਆ ।
‘ ਹਾਂ ਪੁੱਤਰਾ ! ਤੀਹ ਕੁ ਸਾਲ ਲੰਘੇ ਸਨ ..ਉੱਧਰੋਂ ਆ ਕੇ ਅਜੇ ਉਸ ਦੁਖਾਂਤ ਨੂੰ ਮਾੜਾ ਮੋਟਾ ਭੁੱਲੇ ਹੀ ਸੀ ਕਿ ਪੰਜਾਬ ਵਿੱਚ ਇੱਕ ਹੋਰ ਹਨੇਰੀ ਵਗ ਪਈ ..ਜੋ ਪੂਰੇ ਦਸ ਸਾਲ ਚੱਲੀ .. ਐਂਮਰਜੈਸੀ ਤੋਂ ਬਾਅਦ ..ਕੁਰਸੀ ਦੇ ਭੁੱਖੇ ਲੀਡਰਾਂ ਨੇ ਚੁੱਕ ਦੇ ਕੇ ਲੋਕਾਂ ਦੇ ਪੁੱਤ ਮਰਵਾ ਤੇ .. ਆਪਣੇ ਪੁੱਤ ਵਿਦੇਸਾਂ ਵਿੱਚ ਪੜਨ ਤੋਰ ਤੇ.. ਮਗਰੋਂ ਆਪ ਕੁਰਸੀਆਂ ਤੇ ਬਹਿਗੇ.. ..ਪੁੱਤ ਤੇਰਾ ਜੰਟਾ ਤਾਇਆ ਵੀ ਉਸ ਨਹੇਰੀ ਨੇ ਸਾਥੋਂ ਸਦਾ ਲਈ ਖੋਹ ਲਿਆ ਸੀ.. ਕਈਆਂ ਨੂੰ ਇਹ ਸਭ ਕੁੱਝ ਰਾਸ ਵੀ ਆ ਜਾਦੈਂ..ਜੋ ਅਜਿਹੀਆਂ ਹਨੇਰੀਆਂ ਚੋਂ ਲੋਕਾਂ ਦਾ ਖਿਲਰਿਆ ਸਮਾਨ ਚੁਗ ਲੈਂਦੇ ਨੇ .. ਔਹ ਸਾਹਮਣੇ ਕੋਠੀ ਦੀਹਦੀਂ ਹੈ ਨਾਂ ਜੱਗਰ ਕੀ .. ਨਿਰਾ ਮਲੰਗ ਸੀ.. ਇੱਕ ਕਿੱਲਾ ਜਮੀਨ ਦਾ ਸੀ ..ਅੱਜ ਜਿਹੜਾ ਚਾਲੀ ਕਿੱਲੇ ਬਣਾਈ ਬੈਠਾ..ਬਾਣੀਆਂ ਨੂੰ ਡਰਾ ਕੇ ਜਾਨ ਬਖ਼ਸ਼ੀ ਲਈ ਨੋਟਾਂ ਦੀਆਂ ਬੋਰੀਆਂ ਲਈਆਂ ਇਹਨੇ ..ਤੇਰੇ ਤਾਏ ਨੂੰ ਵੀ ਚੁੱਕ ਦੇ ਕੇ ਇਸੇ ਨੇ ਹੀ ਘਰੋਂ ਭਜਾਇਆ ਸੀ .. ਆਪ ਮਗਰੋਂ ਪੁਲਿਸ ਦਾ ਟਾਉਟ ਬਣ ਗਿਆ ਸੀ .. ਹੁਣ ਲੋਕਾਂ ਨੂੰ ਮੱਤਾਂ ਦਿੰਦੈ.. ਵੱਡਾ ਲੀਡਰ ਵੀ ਅਖਵਾਉਂਦੈ ਹੁਣ .. ਸਾਡੇ ਘਰ ਉਜਾੜ ਕੇ’ ਬਚਿੰਤ ਸਿੰਘ ਦਾ ਗੱਚ ਭਰ ਆਇਆ।
‘ਜਾ ਪੁੱਤ ਖੇਡ ਹੁਣ ਤੂੰ ਜਾ ਕੇ’ ਬਚਿੰਤ ਸਿੰਘ ਨੇ ਪਰਨੇ ਨਾਲ ਅੱਖਾਂ ਪੰੂਝਦਿਆਂ ਕਿਹਾ। ਸੋਨੂੰ ਨਿੰਮੋਝਾਣਾਂ ਹੋ ਕਿ ਤੁਰ ਗਿਆ.. ਜਿਸ ਨੂੰ ਪਿੱਠ ਪਿਛਿਓ ਜਾਦਾਂ ਦੇਖ ਕੇ ਉਸ ਨੇ ਲੰਮਾਂ ਸਾਹ ਲੈ ਕੇ, ਦੋਹੇਂ ਹੱਥ ਉੱਪਰ ਵੱਲ ਨੂੰ ਚੁੱਕ ਕੇ ਆਖਿਆ , ‘ ਹੇ ਪ੍ਰਮਾਤਮਾ! ਇਹਨਾਂ ਨੂੰ ਬਚਾ ਕੇ ਰੱਖੀਂ ਅਜਿਹੀਆਂ ਹਨੇਰੀਆਂ ਤੋਂ’।
ਲੇਖਕ ਮੁਖਤਿਆਰ ਸਿੰਘ ਪੱਖੋ ਕਲਾਂ, ਪਿੰਡ ਤੇ ਡਾਕਖਾਨਾ ਪੱਖੋ ਕਲਾ ਜਿਲਾ ਸੰਗਰੁਰ
94175-17655