ਅੱਜ ਹਰਨਾਮ ਕੌਰ ਦੇ ਧਰਤੀ ਪੈਰ ਨਹੀਂ ਸਨ ਲੱਗਦੇ। ਉਸ ਦੀ ਨਵੀਂ ਵਿਆਹੀ ਧੀ ਅਤੇ ਜਵਾਈ ਜੋ ਮਿਲਣ ਆਏ ਸਨ। ਇੱਕ ਤਾਂ ਧੀ ਨੂੰ ਟਿਕਾਣਾ ਵਧੀਆ ਮਿਲ ਗਿਆ ਸੀ ਤੇ ਦੂਜਾ ਜਵਾਈ ਜਿੰਦਰ ਸਿੰਘ ਵੀ ਅਤਿ ਦਰਜੇ ਦਾ ਸਾੳੂ ਤੇ ਸ਼ਰੀਫ ਸੀ। ਚਾਹ ਪਾਣੀ ਪੀਣ ਤੋਂ ਬਾਅਦ ਜਿੰਦਰ ਤਾਂ ਆਪਣੇ ਸਾਲੇ ਜੀਤੇ ਨਾਲ ਮੋਟਰ ਤੇ ਪੈੱਗ ਸੈੱਗ ਲਾਉਣ ਚਲਾ ਗਿਆ ਤੇ ਪਿੱਛੋਂ ਮਾਵਾਂ ਧੀਆਂ ਆਪਣਾ ਦੁੱਖ ਸੁੱਖ ਕਰਨ ਲੱਗ ਪਈਆਂ।
‘ਹੋਰ ਸੁਣਾ ਧੀਏ ! ਸਾਰੇ ਪਰਿਵਾਰ ਦਾ ਸੁਭਾਅ ਤਾਂ ਠੀਕ ਐ’?
‘ਹੋਰ ਤਾਂ ਬੀਜੀ ਸਭ ਠੀਕ ਐ .. ਪਰ ਸੱਸ ਦਾ ਸੁਭਾਅ ਬਹੁਤ ਨਿਕੰਮਾਂ ਏ..ਹਰ ਵੇਲੇ ਟੋਕਾ ਟਾਕੀ ਕਰਦੀ ਰਹਿੰਦੀ ਏ..ਆਹ ਨੀ ਕੀਤਾ..ਔਹ ਨੀ ਕੀਤਾ .. ਸਾਰਾ ਦਿਨ ਕੀਤੇ ਕੰਮਾਂ ’ਚ ਨੁਕਸ਼ ਕੱਢਦੀ ਰਹਿੰਦੀ ਏ’।
‘ਜਿੰਦਰ ਨੀ ਕਹਿੰਦਾ ਆਪਣੀ ਮਾਂ ਨੂੰ ਕੁਛ’?
‘ਇਹ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੈ ! ਨਰਮ ਵੱਧ ਐ..ਇਸ ਕਰਕੇ ਤਾਂ ਉਹ ਸਿਰ ਚੜਦੀ ਐ । ਲੈ ਹੋਰ ਸੁਣ ਲੈ ! ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਜਿੰਦਾ ਲਾ ਕੇ ਰੱਖਦੀ ਐ .. ਮਜਾਲ ਐ ਕੋਈ ਪੁੱਛੇ ਬਿਨਾਂ ਚੀਜ਼ ਨੂੰ ਹੱਥ ਵੀ ਲਾ ਜਾਏ’ ।
‘ਹੈ ਔਤਰੀ .. ਨਿਪੁੱਤੀ ! ਭਲਾਂ ਆਪਣੇ ਧੀਆਂ ਪੁੱਤਾਂ ਤੋਂ ਵੀ ਕੋਈ ਖਾਣ ਪੀਣ ਵਾਲੀਆਂ ਚੀਜਾਂ ਨੂੰ ਜਿੰਦਰੇ ਲਾ ਕੇ ਰੱਖਦਾ ਏ.. ਗਏ ਘਰ ਦੀ ਨਾ ਹੋਵੇ ਤਾਂ’।
‘ਮਾਂ ਜੀ ਅਲਮਾਰੀ ਵਾਲੀ ਚਾਬੀ ਦਿਉ .. ਮੈਂ ਪ੍ਰਸ਼ਾਦ ਲਈ ਦੇਸੀ ਘਿਉ ਕੱਢਣੈ’ । ਜੀਤੇ ਦੀ ਬਹੂ ਨੇ ਆ ਕੇ ਆਪਣੀ ਸੱਸ ਨੂੰ ਕਿਹਾ।
‘ਨੀ ਗੱਲ ਸੁਣ ਪਹਿਲਾਂ ! ਚਾਬੀ ਤਾਂ ਲੈ ਜਾ .. ਪ੍ਰਸ਼ਾਦ ਵਧੀਆ ਬਣਾ ਲਈਂ.. ਪ੍ਰਾਹੁਣਾ ਪਹਿਲੀ ਵਾਰ ਆਇਐ.. ਕਿਤੇ ਸਵੇਰੇ ਵਾਲੀ ਸ਼ਬਜੀ ਵਾਂਗ ਫਾਹਾ ਵੱਢ ਦੇਵੇਂ..ਕਿਤੇ ਲੂਣ ਵੱਧ,ਕਿਤੇ ਮਿਰਚ ਵੱਧ ..ਮਾਂ ਨੇ ਕੁਝ ਸਿਖਾਇਆ ਨੀ ਤੈਨੂੰ..? ਮਾਰੀ ਸਾਡੇ ਮੱਥੇ.. ਨਾ ਅਕਲ..ਨਾ ਸ਼ਕਲ.। ਤੈਨੂੰ ਪਤਾ ਨਈ ਸੀ ਵੀ ਅੱਜ ਘਰ ਪ੍ਰਾਹੁਣੇ ਨੇ ਆਉਣਾਂ .. ਚੰਗੀ ਤਰਾਂ ਥਾਂ ਵੀ ਨੀ ਸੰਭਰਿਆ’।
ਏਨਾਂ ਕਹਿ ਕਿ ਹਰਨਾਮ ਕੁਰ ਨੇ ਚੁੰਨੀ ਦੇ ਲੜ ਨਾਲੋਂ ਚਾਬੀ ਖੋਲ ਕੇ ਆਪਣੀ ਨੂੰਹ ਨੂੰ ਫੜਾ ਦਿੱਤੀ ਤੇ ਧੀ ਨੂੰ ਕਹਿਣ ਲੱਗੀ ‘ਹੁਣ ਦੱਸ ਕੀ ਕਹਿੰਦੀ ਐ ਤੇਰੀ ਸੱਸ ! ਕੰਜਰੀ ਨੇ ਆ ਕੇ ਵਿੱਚ ਹੋਰ ਹੀ ਘੋੜਾ ਭਜਾ ਤਾ’।
ਲੇਖਕ ਮੁਖਤਿਆਰ ਸਿੰਘ ਪੱਖੋ ਕਲਾਂ, ਪਿੰਡ ਤੇ ਡਾਕਖਾਨਾ ਪੱਖੋ ਕਲਾ ਜਿਲਾ ਸੰਗਰੁਰ
94175-17655