ਰਾਮਪੁਰਾ ਫੂਲ 28 (ਸੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) :- ਇਲਾਕੇ ਦੇ ਸਿਰਕੱਢ ਮੈਡੀਕਲ ਸਹੂਲਤਾਂ ਵਾਲੇ ਹਸਪਤਾਲ ਵਜੋ ਜਾਣੇ ਜਾਂਦੇ ਏਪੈਕਸ ਹਸਪਤਾਲ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਭਲਕੇ ਲੋਕ ਭਲਾਈ ਲਈ ਡਾਇਲਸਿਸ ਦੀਆਂ ਲਗਾਈਆਂ ਜਾ ਰਹੀਆਂ ਮਸ਼ੀਨਾਂ ਦਾ ਉਦਘਾਟਨ ਖੁਦ ਟਰੱਸਟ ਦੇ ਚੇਅਰਮੈਨ ਡਾ ਐੱਸ ਪੀ ਸਿੰਘ ਓਬਰਾਏ ਵੱਲੋ ਕੀਤਾ ਜਾਵੇਗਾ। ਡਾ ਗੁਰਿੰਦਰ ਸਿੰਘ ਮਾਨ ਅਤੇ ਡਾ ਸਿਮਰਪ੍ਰੀਤ ਮਾਨ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਦਾ ਰਾਮਪੁਰਾ ਫੂਲ ਇਲਾਕੇ ਦੇ ਵਸਨੀਕਾਂ ਨੂੰ ਭਰਪੂਰ ਫਾਇਦਾ ਹੋਵੇਗਾ ਅਤੇ ਏਪੈਕਸ ਹਸਪਤਾਲ ਰਾਮਪੁਰਾ ਫੂਲ ਆਪਣੇ ਵੱਲੋਂ ਡਾ ਐੱਸ ਪੀ ਐੱਸ ਓਬਰਾਏ ਅਤੇ ਉਨਾਂ ਵੱਲੋ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਪੂਰਨ ਸਹਿਯੋਗ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ੍ਰੀ ਐੱਸ ਪੀ ਸਿੰਘ ਓਬਰਾਏ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਕੰਮਾਂ ਜਿਨਾਂ ਵਿੱਚ ਅਰਬ ਦੇਸ਼ਾਂ ਦੇ ਵਿੱਚ ਸਜਾ ਯਾਫਤਾ ਭਾਰਤੀ ਮੁੰਡਿਆਂ ਦੀ ਜਾਨ ਬਚਾਉਣ ਲਈ ਆਪਣੇ ਵਲੋਂ ਦਿੱਤੇ ਬਲੱਡ ਮਨੀ ਅਤੇ ਗਰੀਬ ਬੇਸਹਾਰਾ ਗੁਰਦਿਆਂ ਦੇ ਇਲਾਜ ਲਈ ਦਰ-ਦਰ ਭਟਕ ਰਹੇ ਮਰੀਜ਼ਾਂ ਦੀ ਸੇਵਾ ਲਈ ਡਾਇਲਸਿਸ ਦੀਆਂ ਮਸ਼ੀਨਾਂ ਦੇ ਲੰਗਰ ਵਾਂਗ ਜਗਾ ਜਗਾ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਉਣਾ ਸ਼ਾਮਲ ਹੈ।