58 ਲੱਖ ਰੁਪਏ ਖਰਚ ਕਰਕੇ ਰਾਮਪੁਰਾ ਹਲਕੇ ਦੀਆਂ ਡਰੇਨਾਂ ਦੀ ਕਰਵਾਈ
ਬਠਿੰਡਾ, 22 ਜੁਲਾਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) : ਪੰਜਾਬ ਦੇ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਦਿਆਲਪੁਰਾ ਭਾਈਕਾ ਵਿਖੇ ਸੰਗਤ ਦਰਸ਼ਨ ਦੌਰਾਨ ਜਿੱਥੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਥੇ ਉਨ੍ਹਾਂ ਭਾਰੀ ਬਾਰਸ਼ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਕੇ ਜਲਦ ਭਰਪਾਈ ਕਰਨ ਦਾ ਵੀ ਐਲਾਨ ਕੀਤਾ। ਸ਼੍ਰੀ ਕਾਂਗੜ ਨੇ ਬਠਿੰਡਾ ਜ਼ਿਲ੍ਹੇ ਅਤੇ ਆਸਪਾਸ ਦੇ ਲੋਕਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ’ਤੇ ਤੁਰੰਤ ਨਿਪਟਾਰਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਦੁਆਰਾ ਹਰ ਵਰਗ ਨੂੰ ਢੁਕਵੀਂਆਂ ਸੇਵਾਵਾਂ ਪ੍ਰਦਾਨ ਕਰਕੇ ਉਨ੍ਹਾਂ ਦੇ ਪੱਧਰ ਨੂੰ ਹੋਰ ਉਪਰ ਚੁੱਕਣ ਦੀ ਬਚਨਵੱਧਤਾ ਦੁਹਰਾਉਂਦਿਆਂ ਕਿਹਾ ਕਿ ਸਰਕਾਰ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਜੜੋਂ ਪੁੱਟਣ ਲਈ ਹਰ ਉਪਰਾਲਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਤਰਕਰੀਬ 2 ਸਾਲਾਂ ਵਿੱਚ ਵੱਡੀ ਪੱਧਰ ’ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ। ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਗਿ੍ਰਫ਼ਤ ’ਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਇੱਕ ਵੱਡੀ ਉਪਲੱਬਧੀ ਹੈ ਜਿਸ ’ਤੇ ਪੁਲਿਸ ਅਤੇ ਪ੍ਰਸ਼ਾਸ਼ਨ ਵਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਖੁਦ ਬੇਰਜ਼ੁਗਾਰੀ ਅਤੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਨਾਲ ਜੁੜੀਆਂ ਸਕੀਮਾਂ ਦਾ ਨਿਰੀਖਣ ਕਰਦੇ ਹਨ। ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਂਗੜ ਨੇ ਕਿਹਾ ਕਿ ਬਾਰਸ਼ ਕਾਰਣ ਖੜ੍ਹੇ ਪਾਣੀ ਵਿੱਚ ਹੋਏ ਫ਼ਸਲ ਦੇ ਨੁਕਸਾਨ ਲਈ ਸਪੈਸ਼ਲ ਗਿਰਦਾਵਰੀ ਦੇ ਸਰਕਾਰ ਵਲੋਂ ਨਿਰਦੇਸ਼ ਦਿੱਤੇ ਗਏ ਹਨ, ਜਿਸ ’ਤੇ ਅਮਲ ਕਰਦਿਆਂ ਜਲਦ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ-ਨਾਲ ਸ਼ਹਿਰਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਲਈ ਵੀ ਜੰਗੀ ਪੱਧਰ ’ਤੇ ਹੰਬਲਾ ਮਾਰਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਰਾਮਪੁਰਾ ਹਲਕੇ ਵਿੱਚ 58 ਲੱਖ ਰੁਪਏ ਦੀ ਲਾਗਤ ਨਾਲ ਉਨ੍ਹਾ ਡਰੇਨਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ 10 ਸਾਲਾਂ ਤੋਂ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਨਵੀਂ ਤਕਨੀਕ ਵਾਲੀਆਂ ਜੇ.ਸੀ.ਬੀ. ਮਸ਼ੀਨਾਂ ਡਰੇਨਾਂ ਦੀ ਸਫ਼ਾਈ ਲਈ ਮੰਗਵਾਈਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਖੇਤਾਂ ਵਿੱਚ ਖੜ੍ਹੇ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਿਓਰ, ਮਲੂਕਾ ਅਤੇ ਭਾਈਰੂਪਾ ਦੇ ਪਿੰਡਾਂ ਵਿੱਚ ਇਨ੍ਹਾਂ ਮਸ਼ੀਨਾਂ ਰਾਹੀਂ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਚੁੱਕੀ ਹੈ ਅਤੇ ਬਾਕੀ ਦੇ ਪਿੰਡਾਂ ਵਿੱਚ ਅਜਿਹਾ ਰਾਹਤ ਕਾਰਜ ਜਾਰੀ ਹੈ। ਪਟਵਾਰੀਆਂ ਦੀਆਂ ਖਾਲੀ ਪਈਆਂ ਆਸਾਮੀਆਂ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਤਕਰੀਬਨ 1200 ਪਟਵਾਰੀਆਂ ਦੀ ਭਰਤੀ ਜਲਦ ਕੀਤੀ ਜਾ ਰਹੀ ਹੈ, ਤਾਂ ਜੋ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਮੌਕੇ ਐਸ.ਡੀ.ਐਮ ਖੁਸ਼ਦਿਲ ਸਿੰਘ, ਤਹਿਸੀਲਦਾਰ ਰਾਕੇਸ਼ ਗਰਗ, ਐਕਸੀਅਨ ਐਲ. ਕੇ.ਗਰਗ, ਸਾਬਕਾ ਪ੍ਰਧਾਨ ਸੁਨੀਲ ਕੁਮਾਰ ਬਿੱਟਾ, ਪ੍ਰਧਾਨ ਚਰਨਜੀਤ ਸਿੰਘ ਜਟਾਣਾ, ਸ਼ਹਿਰੀ ਪ੍ਰਧਾਨ ਸੰਜੀਵ ਢੀਗਰਾਂ, ਡੀ.ਐਸ.ਪੀ. ਜਸਬੀਰ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਉਨ੍ਹਾਂ ਦੇ ਨੁਮਾਇੰਦੇ, ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।