ਬਜ਼ੁਰਗਾਂ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਤੇ ਉਨਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਉਪਰਾਲੇ: ਸ੍ਰੀਮਤੀ ਅਰੁਣਾ ਚੌਧਰੀ
ਤਪਾ ਮੰਡੀ (ਸੁਭਾਸ਼ ਸਿੰਗਲਾ/ਵਿਸ਼ਵਜੀਤ ਸ਼ਰਮਾਂ/ਗੁਰਪ੍ਰੀਤ ਸਿੰਘ)- ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ, ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਨੇ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ 23 ਕਨਾਲ ਜਗਾ ’ਤੇ 7 ਕਰੋੜ 27 ਲੱਖ ਰੁਪਏ ਦੀ ਰਾਸ਼ੀ ਨਾਲ ਬਣਨ ਵਾਲੇ ਬਾਬਾ ਫੂਲ ਸਰਕਾਰੀ ਬਿਰਧ ਘਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ੍ਰੀਮਤੀ ਅਰੁਣਾ ਚੌਧਰੀ ਨੇ ਦੱਸਿਆ ਕਿ ਬਾਬਾ ਫੂਲਾ ਜੀ ਦੇ ਨਾਂ ’ਤੇ ਬਣਾਏ ਜਾਣ ਵਾਲੇ ਪੰਜਾਬ ਦੇ ਇਸ ਦੂਸਰੇ ਸਰਕਾਰੀ ਬਿਰਧ ਘਰ ’ਚ 150 ਬਜ਼ੁਰਗਾਂ ਨੂੰ ਸੰਭਾਲਣ ਦੀ ਸੁਵਿਧਾ ਹੋਵੇਗੀ। ਉਨਾਂ ਦੱਸਿਆ ਕਿ ਇਸ ਬਿਰਧ ਘਰ ’ਚ ਮੂਲ ਜ਼ਰੂਰਤਾਂ ਦੇ ਰੂਪ ਵਿੱਚ ਭੋਜਨ ਕੱਪੜੇ, ਰਿਹਾਇਸ਼ ਅਤੇ ਸਿਹਤ ਦੀ ਢੁੱਕਵੀਂ ਦੇਖਭਾਲ ਦਾ ਪ੍ਰਬੰਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਿਭਾਗ ਵੱਲੋਂ ਇਸ ਜਗਾ ਦੇ ਅੰਦਰ ਹੀ 30 ਔਰਤਾਂ ਲਈ ਵਰਕਿੰਗ ਵੂਮੈਨ ਹੋਸਟਲ ਤਿਆਰ ਕਰਨ ਦੀ ਤਜ਼ਵੀਜ ਹੈ। ਜਿਸ ਵਿੱਚ ਔਰਤਾਂ ਵੀ ਕੁਝ ਸਮੇਂ ਲਈ ਰਹਿ ਸਕਦੀਆਂ ਹਨ। ਇਸ ਤੋਂ ਬਾਅਦ ਉਨਾਂ ਤਪਾ ਵਿਖੇ ਮਹਿਲਾਵਾਂ ਲਈ ਬਣਾਏ ਜਾ ਰਹੇ ਪਾਰਕ ਲਈ ਆਪਣੇ ਅਖਤਿਆਰੀ ਕੋਟੇ ’ਚੋਂ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਸ੍ਰੀਮਤੀ ਅਰੁਣਾ ਚੌਧਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਨੇ ਬਜ਼ੁਰਗਾਂ ਦੇ ਸਨਮਾਨ ਨੂੰ ਕਾਇਮ ਰੱਖਣ ਅਤੇ ਉਨਾਂ ਦੀ ਸਾਂਭ ਸੰਭਾਲ ਲਈ ਅਨੇਕਾਂ ਉਪਰਾਲੇ ਕੀਤੇ ਹਨ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਦੇ ਨਾਲ ਮਾਨਸਾ ਵਿਖੇ ਵੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਬਿਰਧ ਘਰ ਦੀ ਉਸਾਰੀ ਕੀਤੀ ਜਾਣੀ ਹੈ ਜਦਕਿ ਬਾਕੀ ਰਹਿੰਦੇ 19 ਜ਼ਿਲਿਆਂ ਵਿੱਚ ਗ਼ੈਰ ਸਰਕਾਰੀ ਸੰਸਥਾਵਾਂ ਵਲੋੋਂ ਚਲਾਏ ਜਾ ਰਹੇ ਬਿਰਧ ਘਰਾਂ ਨੂੰ ਪੜਾਅ ਵਾਰ ਹਰਸਾਲ 7 ਜ਼ਿਲਿਆਂ ਨੂੰ ਗ੍ਰਾਂਟ-ਇੰਨ ਏਡ ਮੁਹੱਈਆ ਕਰਵਾਈ ਜਾਣੀ ਹੈ। ਜਿਸ ਲਈ ਸਰਕਾਰ ਵੱਲੋਂ ਅੱਗੇ 13 ਕਰੋੜ 73 ਲੱਖ ਰੁਪਏ ਦਾ ਉਪਲਬੰਧ ਕੀਤਾ ਗਿਆ ਹੈ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਸਮਰੱਥ ਬਨਾਉਣ ਲਈ 750 ਪ੍ਰਤੀ ਮਹੀਨਾ ਦੇ ਹਿਸਾਬ ਨਾਲ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਅਤੇ ਚਾਲੂ ਵਿੱਤੀ ਵਰੇਂ ਦੌਰਾਨ 15 ਲੱਖ 39 ਹਜ਼ਾਰ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ ਜਦਕਿ 1200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ 60 ਸਾਲ ਤੋਂ ਵੱਧ ਉਮਰ ਦੀਆਂ ਬਜ਼ੁਰਗ ਔਰਤਾਂ ਨੂੰ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ. ਦੀਆਂ ਬੱਸਾਂ ’ਚ ਰਿਆਇਤੀ ਪਾਸ ਵੀ ਜਾਰੀ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਦੱਬੇ-ਕੁਚਲੇ ਵਰਗ ਦੇ ਪੂਰਨ ਵਿਕਾਸ ਹਿੱਤ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝੇ ਛੱਡੇ ਗਏ 9.28 ਲੱਖ ਲਾਭਪਾਤਰੀਆਂ ਨੂੰ ਬਣਦੇ ਲਾਭ ਦਿੱਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਸਦੇ ਨਾਲ ਹੀ ਸਾਡੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਵਿੱਚ ਪੱਸਰੇ ਨਸ਼ਿਆਂ ਦੇ ਕੋਹੜ੍ਰ ਨਾਲ ਫੌਰੀ ਤੌਰ ‘ਤੇ ਨਜਿੱਠਣ ਲਈ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦਾ ਗਠਨ ਕੀਤਾ। ਉਨਾਂ ਦੱਸਿਆ ਕਿ ਸਖ਼ਤੀ ਨਾਲ ਕਾਰਵਾਈ ਕਰਦਿਆਂ ਐਨ.ਡੀ.ਪੀ.ਐਸ. ਐਕਟ ਤਹਤਿ 27,744 ਮੁਕੱਦਮੇ ਦਰਜ ਹੋਏ ਅਤੇ 33,622 ਵਿਅਕਤੀਆਂ ਦੀ ਗਿ੍ਰਫ਼ਤਾਰੀ ਕਰਕੇ ਹੋਰਨਾ ਪਾਬੰਦੀਸ਼ੁਦਾ ਪਦਾਰਥਾਂ ਦੇ ਨਾਲ 767 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਗਈ। ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਜੰਗੀ ਪੱਧਰ ’ਤੇ ਲਿਜਾਣ ਲਈ ‘ਡਰੱਗ ਅਬਿਊਜ਼ ਪਿ੍ਰਵੈਂਸ਼ਨ ਅਫਸਰ (ਡੈਪੋ)’ ਪ੍ਰੋਗਰਾਮ ਚਲਾਇਆ ਗਿਆ। ਜਿਸ ਤਹਿਤ 5.5 ਲੱਖ ਡੈਪੋ ਨੇ ਸਵੈਇੱਛਾ ਨਾਲ ਆਪਣੇ ਨਾਂ ਦਰਜ ਕਰਵਾਏ। ਸਮਾਗਮ ਦੋਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਖ਼ਾਸ ਕਰ ਜ਼ਿਲਾ ਬਰਨਾਲਾ ’ਚ ਵਿਕਾਸ ਦੇ ਕੰਮ ਵੱਡੇ ਪੱਧਰ ’ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਏ ਜਾ ਰਹੇ ਹਨ ਤਾਂ ਜੋ ਬਰਨਾਲਾ ਨੂੰ ਅੱਵਲ ਦਰਜੇ ਦਾ ਜ਼ਿਲਾ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਇਸ ਸਮਾਗਮ ਮੌਕੇ ਵੀ ਪਿੰਡ ਢਿੱਲਵਾਂ ਦੱਖਣ ਤੇ ਪਿੰਡ ਢਿੱਲਵਾਂ ਪਟਿਆਲਾ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2-2 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ ਹਨ। ਉਧਰ ਪ੍ਰਧਾਨ ਨਗਰ ਕੌਸਲ ਅਸ਼ਵਨੀ ਕੁਮਾਰ ਆਸ਼ੂ ਭੂਤ ਨੇ ਕੈਬਨਿਟ ਮੰਤਰੀ ਅਰੁਣਾ ਚੋਧਰੀ ਅਤੇ ਸਾਬਕਾ ਵਿਧਾਇਕ ਢਿਲੋ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਐਸ.ਐਸ.ਪੀ. ਹਰਜੀਤ ਸਿੰਘ, ਸੰਯੁਕਤ ਡਾਇਰੈਕਟਰ ਚਰਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਪਰਵੀਨ ਕੁਮਾਰ, ਐਸ.ਡੀ.ਐਮ ਕਰਨਦੀਪ ਸਿੰਘ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾਂ, ਚੇਅਰਮੈਨ ਮੱਖਣ ਸ਼ਰਮਾ, ਨਗਰ ਕੌਂਸਲ ਤਪਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਜ਼ਿਲਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਅਤੇ ਡੀ.ਐਸ.ਐਸ.ਓ. ਦੀਪਇੰਦਰ ਕੌਰ ਹਾਜ਼ਰ ਸਨ।