ਤਪਾ ਮੰਡੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ/ਵਿਸ਼ਵਜੀਤ ਸ਼ਰਮਾਂ) :-ਵਿਧਾਨ ਸਭਾ ਹਲਕਾ ਭਦੌੜ ਦਾ ਸਿਆਸੀ ਪੱਖੋ ਕੋਈ ਵਾਲੀ ਵਾਰਿਸ ਨਾ ਹੋਣ ਕਾਰਨ ਇਸ ਦੀ ਹਾਲਤ ਬਦ ਤੋ ਬਦਤਰ ਸਥਿਤੀ ਵੱਲ ਉਪੜਦੀ ਜਾ ਰਹੀ ਹੈ ਕਿਉਕਿ ਹਲਕੇ ਦੀਆ 6 ਦਰਜਨ ਦੇ ਕਰੀਬ ਗ੍ਰਾਮ ਪੰਚਾਇਤਾਂ ਅਤੇ ਦੋ ਨਗਰ ਕੌਸਲਾਂ ਅੰਦਰਲੇ ਵਿਕਾਸ ਕਾਰਜਾਂ ਦੀ ਕੋਈ ਬਾਂਹ ਫੜਣ ਵਾਲਾ ਵਿਖਾਈ/ਸੁਣਾਈ ਨਹੀ ਦੇ ਰਿਹਾ। ਜਿਸ ਕਾਰਨ ਪਿਛਲੇ ਢਾਈ ਸਾਲ ਤੋ ਕਾਂਗਰਸ ਦੇ ਰਾਜ ਵਿਚ ਹਲਕੇ ਅੰਦਰ ਲੱਗੀ ਇੱਟ ਵਿਖਾਈ ਨਹੀ ਦੇ ਰਹੀ ਜਦਕਿ ਹਲਕੇ ਦੀ ਕਈ ਸਕੀਮਾਂ ਤਹਿਤ ਆਈ ਗ੍ਰਾਂਟ ਰਾਸੀ ਵੀ ਬਰਨਾਲਾ ਵਿਧਾਨ ਸਭਾ ਹਲਕੇ ਦਾ ਸਿੰਗਾਰ ਬਣ ਗਈ ਅਤੇ ਹਲਕਾ ਭਦੌੜ ਵਾਲੇ ਲੋਕ ਸਿਰਫ ਲੰਘੀਆ ਲੋਕ ਸਭਾ ਚੋਣਾਂ ਵਿਚ ਨਾਹਰੇ ਮਾਰਨ ਜੋਗੇ ਹੀ ਰਹਿ ਗਏ। ਹਲਕਾ ਭਦੌੜ ਦੀ ਤ੍ਰਾਸਦੀ ਸੱਤਾਧਾਰੀ ਧਿਰ ਦੇ 2012 ਦੇ ਵਿਧਾਇਕ ਅਤੇ ਮੋਜੂਦਾ ਸੰਸਦ ਮੈਂਬਰ ਮੁਹੰਮਦ ਸਦੀਕ ਦੀ ਟਿਕਟ ਨੂੰ ਬਦਲਣ ਅਤੇ ਹਲਕੇ ਤੋ ਚੋਣ ਲੜਣ ਵਾਲੇ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈ ਦੀ 2017 ਦੀਆ ਵਿਧਾਨ ਚੋਣਾਂ ਵਿਚ ਵੱਡੇ ਫਰਕ ਨਾਲ ਚੋਣ ਹਾਰਨ ਤੋ ਸ਼ੁਰੂ ਹੋਈ, ਜੋ ਅੱਜ ਤੱਕ ਜਾਰੀ ਹੈ ਕਿਉਕਿ ਅਕਾਲੀ ਦਲ ਨੇ ਅਪਣੇ ਅਜੈਤੂ ਉਮੀਦਵਾਰ ਅਤੇ ਹਲਕੇ ਅੰਦਰ ਅਕਾਲੀ ਦਲ ਦੇ ਧੁਰੇ ਵਜੋ ਜਾਣੇ ਜਾਂਦੇ ਸੰਤ ਬਲਵੀਰ ਸਿੰਘ ਘੁੰਨਸ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਪਰ ਹਲਕੇ ਦੇ ਲੋਕਾਂ ਨੇ ਇਨਾਂ ਦੋਵਾਂ ਦੇ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿਰਮਲ ਸਿੰਘ ਧੋਲਾ ਨੂੰ ਐਨੇ ਵੱਡੇ ਬੁਹਮਤ ਨਾਲ ਚੋਣ ਜਿਤਾਈ ਕਿ ਅਕਾਲੀ ਦਲ ਦੇ ਗੜ ਸਮਝੇ ਜਾਂਦੇ ਹਲਕਾ ਭਦੌੜ ਨੂੰ ਚੋਣ ਤੋ ਬਾਅਦ ਆਪ ਪਾਰਟੀ ਦੇ ਗੜ ਵਜੋ ਜਾਣਿਆ ਜਾਣ ਲੱਗਿਆ ਪਰ ਹਲਕੇ ਦੇ ਵਿਧਾਇਕ ਧੋਲਾ ਨੇ ਲੋਕਾਂ ਲਈ ਕੁਝ ਕਰਨ ਦੀ ਥਾਂ ਸਰਕਾਰ ਵੱਲੋ ਹਲਕੇ ਦੇ ਭੇਜੇ ਫੰਡਾਂ ਉਪਰ ਵੀ ਪਹਿਰਾ ਨਾ ਦਿੱਤਾ ਬਲਕਿ ਪਾਰਟੀ ਦੀ ਅੰਦਰੂਨੀ ਧੜੇਬੰਦੀ ਦਾ ਸ਼ਿਕਾਰ ਹੁੰਦਿਆਂ ਖਹਿਰਾ ਧੜੇ ਦਾ ਸਾਥ ਦੇ ਕੇ ਅਪਣੇ ਆਪ ਨੂੰ ਹਲਕੇ ਤੋ ਦੂਰੀ ਬਣਾ ਕੇ ਸੰਗਰੁਰ ਵਿਖੇ ਅਪਣੇ ਪੱਕੇ ਟਿਕਾਣਾ ਉਪਰ ਰਿਹਾਇਸ਼ ਬਣਾ ਕੇ ਲੋਕਾਂ ਨਾਲੋ ਰਾਬਤਾ ਹੀ ਤੋੜ ਲਿਆ। ਜਿਸ ਕਾਰਨ ਹਲਕਾ ਵਿਧਾਇਕ ਦੇ ਦਰਸ਼ਨ ਲੋਕਾਂ ਨੂੰ ਦਰਲੱਭ ਹੋ ਗਏ। ਉਧਰ ਸੱਤਾ ਦੇ ਝੂਟਿਆਂ ਦਾ ਆਨੰਦ ਮਾਣਨ ਵਾਲੇ ਸਾਬਕਾ ਵਿਧਾਇਕ ਪੰਜਗਰਾਈ ਨੂੰ ਪਤਾ ਨਹੀ ਹਾਈਕਮਾਂਡ ਨੇ ਕਿਹੜੀ ਘੁਰਕੀ ਦਿੱਤੀ ਕਿ ਉਸ ਨੇ ਪਾਰਟੀ ਨਾਲੋ ਤੋੜ ਵਿਛੋੜਾ ਕਰਕੇ ਅਪਣੇ ਕੁੜਮ ਰਾਹੀ ਅਕਾਲੀ ਦਲ ਵਿਚ ਰਲੇਵਾਂ ਕਰ ਲਿਆ। ਜਿਸ ਨੂੰ ਸਿਆਸੀ ਪੰਡਿਤ ਉਸ ਦੀ ਕਥਿਤ ਤੋਰ ’ਤੇ ਸਿਆਸੀ ਖੁਦਕਸ਼ੀ ਕਰਾਰ ਦੇ ਰਹੇ ਹਨ। ਉਧਰ ਅਕਾਲੀ ਦਲ ਨੇ ਵੀ ਅਪਣੀ ਰਵਾਇਤ ਨੂੰ ਤੋੜਦਿਆਂ ਹਲਕੇ ਅੰਦਰੋ ਤਿੰਨ ਵਾਰ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ ਵਿਧਾਇਕ ਸੰਤ ਘੁੰਨਸ ਨੂੰ ਹਲਕਾ ਮਹਿਲ ਕਲਾਂ ਦੀ ਕਮਾਂਡ ਸੰਭਾ ਕੇ ਹਲਕਾ ਭਦੌੜ ਤੋ ਸਿਆਸੀ ਕਿਨਾਰਾ ਕਰਵਾ ਦਿੱਤਾ ਜਦਕਿ ਪਹਿਲਾ ਹਲਕੇ ਅੰਦਰ ਸਵੇਰ ਤੋ ਆਥਣ ਤੱਕ ਰਹਿਣ ਵਾਲੇ ਸੰਤ ਘੁੰਨਸ ਕਾਰਨ ਹਲਕੇ ਭਰ ਅੰਦਰਲੇ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਕਰਮਚਾਰੀਆਂ ਵਿਚ ਕਿਸੇ ਆਗੂ ਦੇ ਹੋਣ ਦਾ ਕੁਝ ਕਿ ਦਬਦਬਾ ਬਣਿਆ ਰਹਿੰਦਾ ਸੀ ਪਰ ਹੁਣ ਸਿਆਸੀ ਪੱਖੇ ਕੋਰੇ ਹੋਏ ਹਲਕਾ ਭਦੌੜ ਦਾ ਕੋਈ ਵਾਰਿਸ ਸੁਣਾਈ ਨਹੀ ਦੇ ਰਿਹਾ। ਸਾਬਕਾ ਵਿਧਾਇਕ ਪੰਜਗਰਾਈ ਦੇ ਸਿਆਸੀ ਰਲੇਵਾਂ ਕਰ ਲੈਣ ਤੋ ਬਾਅਦ ਬੇਸ਼ੱਕ ਅੱਧੀ ਦਰਜਨ ਕਾਂਗਰਸ ਆਗੂਆਂ ਨੇ ਇੰਚਾਰਜ ਬਣਨ ਲਈ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਪਰ ਅਜੇ ਤੱਕ ਕਿਸੇ ਦੇ ਪੱਲੇ ਸਿਆਸੀ ਪੱਖੋ ਕੱਖ ਵਿਖਾਈ ਨਹੀ ਦਿੱਤਾ ਕਿਉਕਿ ਸਭ ਤੋ ਪਹਿਲਾ ਹਲਕੇ ਅੰਦਰੋ ਦੋ ਵਾਰ ਕਾਂਗਰਸ ਦੀ ਚੋਣ ਲੜਣ ਵਾਲੀ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋ ਰਾਹੀ ਹਲਕੇ ਅੰਦਰ ਐਂਟਰੀ ਕਰਨੀ ਚਾਹੀ ਪਰ ਰਾਹ ਵਿਚਲੇ ਅਪਣਿਆਂ ਦੇ ਰੋੜਿਆਂ ਨੇ ਬੀਬੀ ਨੂੰ ਹਰੇਕ ਮੋੜ ਤੋ ਘੇਰ ਕੇ ਰੱਖਿਆ ਅਤੇ ਆਖਿਰ ਬੀਬੀ ਨੇ ਲੋਕ ਸਭਾ ਚੋਣਾਂ ਤੋ ਬਾਅਦ ਇੰਚਾਰਜ ਬਣਨਾ ਤਾਂ ਦੂੁਰ ਦੀ ਗੱਲ ਗੇੜਾ ਮਾਰਨਾ ਮੁਨਾਸਿਬ ਨਾ ਸਮਝਿਆ। ਉਧਰ ਕਾਂਗਰਸ ਹਾਈਕਮਾਂਡ ਤੋ ਖੁਦ ਨੂੰ ਇੰਚਾਰਜ ਐਨਾਣਨ ਵਾਲੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾਂ ਨੇ ਵੀ ਇੰਚਾਰਜ ਬਣਨ ਤੋ ਪਹਿਲਾ ਹੀ ਅਪਣੀ ਰਿਹਾਇਸ਼ ਬਰਨਾਲਾ ਵਿਖੇ ਕੂਚ ਕਰ ਲਈ ਭਾਵੇਂ ਸਾਬਕਾ ਵਿਧਾਇਕ ਨਿੰਮਾਂ ਨੂੰ ਇਕ ਵਾਰ ਹਲਕੇ ਦੇ ਲੋਕਾਂ ਨੇ ਇੰਚਾਰਜ ਵਜੋ ਸਵੀਕਾਰ ਕਰਨਾ ਸ਼ੁਰੂ ਕਰ ਲਿਆ ਸੀ ਅਤੇ ਪ੍ਰਸਾਸਨ ਉਪਰ ਵੀ ਉਨਾਂ ਦੀ ਪਕੜ ਨਿੱਤ ਦਿਨ ਮਜਬੂਤੀ ਵੱਲ ਵਧ ਰਹੀ ਸੀ ਪਰ ਲੋਕ ਸਭਾ ਵਿਚ ਸੱਤਾਧਾਰੀ ਧਿਰ ਦੇ ਉਮੀਦਵਾਰ ਢਿਲੋ ਦੀ ਹਲਕੇ ਅੰਦਰ ਘਟੀ ਵੋਟ ਨੇ ਕਾਂਗਰਸ ਦੇ ਇੰਚਾਰਜ ਬਣਨ ਵਾਲੇ ਇੱਛਕਾਂ ਦੀਆ ਆਸਾਂ ਉਪਰ ਪਾਣੀ ਤਾਂ ਫੇਰ ਹੀ ਦਿੱਤਾ ਬਲਕਿ ਲੋਕਾਂ ਨੂੰ ਸਰਕਾਰੇ ਦਰਬਾਰੇ ਆਮ ਕੰਮ ਕਾਜਾਂ ਲਈ ਵੀ ਭਾਰੀ ਮੁਸ਼ਕਿਲਾਵਾਂ ਝੱਲਣੀਆ ਪੈ ਰਹੀਆ ਹਨ। ਜਿਸ ਨੂੰ ਲੋਕ ਸੱਤਾਧਾਰੀ ਅਤੇ ਵਿਰੋਧੀਆਂ ਦੇ ਸਿਰ ਮੜ ਰਹੇ ਹਨ। ਪਰ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਦਾ ਅੱਧਾ ਲੰਘ ਜਾਣ ਤੋ ਬਾਅਦ ਆਖਿਰੀ ਅੱਧੇ ਸਮੇਂ ਵਿਚ ਸੱਤਾਧਾਰੀ ਜਾਂ ਵਿਰੋਧੀ ਲੋਕਾਂ ਦੇ ਪੱਲੇ ਕੁਝ ਪਾਉਦੇ ਹਨ ਜਾਂ ਸਿਰਫ ਚੋਣਾਂ ਵੇਲੇ ਹੀ ਮੂੰਹ ਵਿਖਾਇਆ ਕਰਨਗੇ।